ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਜ਼ਿਲ੍ਹਾ ਤਰਨਤਾਰਨ ਦੇ ਸਮੂਹ ਸੈਂਟਰ ਸਕੂਲ ਮੁਖੀਆਂ ਨਾਲ ਕੀਤੀ ਮੀਟਿੰਗ
ਤਰਨਤਾਰਨ, 13 ਜੁਲਾਈ 2021 : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਚੱਲ ਰਹੇ ਪ੍ਰੋਜੈਕਟਾਂ ਦਾ ਮੁਲਾਂਕਣ ਕਰਨ ਹਿੱਤ ਜ਼ਿਲ੍ਹਾ ਤਰਨਤਾਰਨ ਦੇ ਸਮੂਹ ਸੈਂਟਰ ਸਕੂਲ ਮੁਖੀਆਂ ਦੀ ਮੀਟਿੰਗ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਸ਼੍ਰੀ ਰਾਜੇਸ਼ ਕੁਮਾਰ ਵੱਲੋਂ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਵਿਖੇ ਰੱਖੀ ਗਈ।ਇਸ ਦੌਰਾਨ ਡੀਈਓ ਐਲੀਮੈਂਟਰੀ ਤਰਨਤਾਰਨ ਵੱਲੋਂ ਹਰ ਸੈਂਟਰ ਨਾਲ ਸਬੰਧਤ ਸੀਐਚਟੀ ਸਾਹਿਬਾਨ ਨੈਸ਼ਨਲ ਅਚੀਵਮੈਂਟ ਸਰਵੇ, ਲਾਇਬ੍ਰੇਰੀ ਲੰਗਰ, ਦਾਖ਼ਲ ਮੁਹਿੰਮ 2021 ਦੇ ਨਾਲ ਨਾਲ ਸਕੂਲਾਂ ਵਿੱਚ ਚੱਲ ਵਿਕਾਸ ਕਾਰਜਾਂ ਦੇ ਡਾਟਾ ਦੇ ਆਧਾਰ ‘ਤੇ ਵਿਸਥਾਰਿਤ ਚਰਚਾ ਕੀਤੀ।
ਇਸ ਮੌਕੇ ਨਵਦੀਪ ਸਿੰਘ, ਜ਼ਿਲ੍ਹਾ “ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ” ਕੋਆਰਡੀਨੇਟਰ ਵੱਲੋਂ ਆਏ ਸੀਐਚਟੀ ਸਾਹਿਬਾਨ ਦਾ ਪਹੁੰਚਣ ‘ਤੇ ਜੀ ਆਇਆਂ ਨੂੰ ਕਿਹਾ ਅਤੇ ਜ਼ਿਲ੍ਹਾ ਤਰਨਤਾਰਨ ਵਿੱਚ ਸੈਂਟਰ ਵਾਇਜ਼ ਦਾਖ਼ਲਾ ਵਧਾਉਣ ਨੂੰ ਲੈ ਕੇ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਗਈ।
ਸ਼੍ਰੀ ਰਾਜੇਸ਼ ਕੁਮਾਰ ਸ਼ਰਮਾ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਨੇ ਇਸ ਮੌਕੇ ਸੈਂਟਰ ਸਕੂਲ ਮੁਖੀਆਂ ਨਾਲ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਜ਼ਰੂਰੀ ਨੁਕਤੇ ਸਾਂਝੇ ਕੀਤੇ ਗਏ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਰਾਸ਼ਟਰੀ ਸਕੂਲ ਸਿੱਖਿਆ ਦਰਜਾਬੰਦੀ ਵਿੱਚ ਪੰਜਾਬ ਨੇ ਸਿਖ਼ਰਲਾ ਸਥਾਨ ਹਾਸਲ ਕੀਤਾ ਹੈ, ਇਸੇ ਤਰ੍ਹਾਂ ਹੀ ਭਰਪੂਰ ਮਿਹਨਤ ਅਤੇ ਯੋਜਨਾਬੰਦੀ ਦੁਆਰਾ ਅਸੀਂ ਨੈਸ ਵਿੱਚੋਂ ਵੀ ਆਪਣੇ ਜਿਲ੍ਹੇ ਦਾ ਵਧੀਆ ਨਤੀਜਾ ਲਿਆਉਣਾ ਹੈ।ਜਿਸ ਲਈ ਹੁਣ ਤੋਂ ਹੀ ਹਰ ਬੱਚੇ ਤੇ ਫੋਕਸ ਕੀਤਾ ਜਾਣਾ ਚਾਹੀਦਾ ਹੈ।
ਐਨਰੋਲਮੈਂਟ ਦੇ ਉੱਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਮੂਹ ਬੀਪੀਈਓ ਸਾਹਿਬਾਨ, ਸੀਐਚਟੀਜ਼, ਐਚ ਟੀ ਅਤੇ ਅਧਿਆਪਕਾਂ ਦੇ ਸਹਿਯੋਗ ਸਦਕਾ ਜ਼ਿਲ੍ਹਾ ਤਰਨਤਾਰਨ ਦਸ ਪ੍ਰਤਿਸ਼ਤ ਤੋਂ ਜਿਆਦਾ ਦਾਖ਼ਲਾ ਵਧਾਉਣ ਵਿੱਚ ਕਾਮਯਾਬ ਹੋ ਸਕਿਆ ਹੈ। ਉਨ੍ਹਾਂ ਇਸ ਮੁਹਿੰਮ ਨੂੰ ਇਸੇ ਤਰ੍ਹਾਂ ਜਾਰੀ ਰੱਖਣ ਲਈ ਸੀਐਚਟੀਜ਼ ਨੂੰ ਪ੍ਰੇਰਿਤ ਕੀਤਾ।
ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸੈਂਟਰ ਵਾਇਜ਼ ਚੈੱਕ ਕੀਤਾ ਜਾਵੇ ਕਿ ਵਿਭਾਗ ਵੱਲੋਂ ਮਿਲ ਰਹੀਆਂ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਨੂੰ ਵਿਭਾਗ ਵੱਲੋਂ ਭੇਜੀਆਂ ਹਦਾਇਤਾਂ ਅਨੁਸਾਰ ਸਮਾਂ ਬੱਧ ਤਰੀਕੇ ਤਰੀਕੇ ਨਾਲ ਖਰਚਿਆ ਜਾਵੇ। ਬਰਸਾਤੀ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਛੱਤਾਂ ਦੀ ਸਫ਼ਾਈ ਅਤੇ ਸਕੂਲ ਦੇ ਆਲੇ-ਦੁਆਲੇ ਘਾਹ ਤੇ ਗਾਜਰ ਬੂਟੀ ਦੀ ਰੋਕਥਾਮ ਯਕੀਨੀ ਬਣਾਈ ਜਾਵੇ। ਉਹਨਾਂ ਦੱਸਿਆ ਕਿ ਹਰ ਸਕੂਲ ਵਿੱਚ ਡਿਸਪਲੇਅ ਬੋਰਡ ਜ਼ਰੂਰ ਲਗਵਾਇਆ ਜਾਵੇ ਅਤੇ ਉਸ ਉੱਪਰ ਮੌਜੂਦਾ ਅਤੇ ਪਿਛਲੇ ਸੈਸ਼ਨ ਦੌਰਾਨ ਹੋਈਆਂ ਗਤੀਵਿਧੀਆਂ ਨੂੰ ਨਸ਼ਰ ਕੀਤਾ ਜਾਵੇ। ਉਹਨਾਂ ਕਿਹਾ ਕਿ ਸਕੂਲ ਵਿਚਲੇ ਪ੍ਰੋਜੈਕਟਰ ਰੂਮ ਅਤੇ ਪ੍ਰੀ ਪ੍ਰਾਇਮਰੀ ਰੂਮ ਵਿਖਾਉਣ ਲਈ ਪਿੰਡ ਵਾਸੀਆਂ ਨੂੰ ਕੋਵਿਡ 19 ਤੋਂ ਬਚਾਅ ਹਿੱਤ ਹਦਾਇਤਾਂ ਅਨੁਸਾਰ ਸੱਦਾ ਦਿੱਤਾ ਜਾਵੇ।
ਡੀਈਓ ਐਲੀਮੈਂਟਰੀ ਤਰਨਤਾਰਨ ਨੇ ਦੱਸਿਆ ਕਿ ਸਕੂਲਾਂ ਵਿੱਚ ਹੋ ਰਹੇ ਵਧੀਆ ਉਪਰਾਲਿਆਂ ਨੂੰ ਆਪਣੇ ਪਿੰਡ ਦੇ ਲੋਕਾਂ ਤੱਕ ਲਿਜਾਇਆ ਜਾਵੇ ਤਾਂ ਜੋ ਉਹ ਜ਼ਿਲ੍ਹਾ ਤਰਨਤਾਰਨ ਦੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਤੋਂ ਵਾਕਿਫ਼ ਹੋਣ ਅਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਉਹ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ।
ਸ਼੍ਰੀ ਅਮਨਦੀਪ ਸਿੰਘ ਏਸੀ ਸਮਾਰਟ ਸਕੂਲ ਤਰਨਤਾਰਨ ਨੇ ਵਿਭਾਗ ਵੱਲੋਂ ਦੱਸੇ ਸਟੇਜ ਦੋ ਦੇ ਪੈਰਾਮੀਟਰਾਂ ਅਨੁਸਾਰ ਸਕੂਲਾਂ ਤੇ ਕੰਮ ਕਰਨ ਲਈ ਕਿਹਾ। ਇਸ ਮੌਕੇ ਅਨੂਪ ਸਿੰਘ ਮੈਣੀ ਸਹਾਇਕ ਕੋਆਰਡੀਨੇਟਰ ਪੜ੍ਹੋ ਪੰਜਾਬ ਨੇ ਜ਼ਿਲ੍ਹਾ ਤਰਨਤਾਰਨ ਦੇ ਐਨਰੋਲਮੈਂਟ ਡੇਟਾ ਦਾ ਵਿਸ਼ਲੇਸ਼ਣ ਕੀਤਾ ਗਿਆ। ਸਮੂਹ ਸੈਂਟਰ ਸਕੂਲ ਮੁਖੀਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਅਧੀਨ ਅਧਿਆਪਕਾਂ ਨਾਲ ਨਿਰੰਤਰ ਤਾਲਮੇਲ ਰੱਖਦਿਆਂ ਮੀਟਿੰਗ ਦੌਰਾਨ ਵਿਚਾਰੇ ਗਏ ਸਾਰੇ ਮੁੱਦਿਆਂ ਤੇ ਖਰਾ ਉਤਰਨ ਲਈ ਅਤੇ ਜ਼ਿਲ੍ਹਾ ਤਰਨਤਾਰਨ ਨੂੰ ਸਿੱਖਿਆ ਦੇ ਖੇਤਰ ਵਿੱਚ ਅੱਗੇ ਲਿਜਾਣ ਲਈ ਭਰਪੂਰ ਯਤਨ ਕਰਨਗੇ।