ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 24 ਜੂਨ ਤੋਂ ਲਗਾਏ ਜਾਣਗੇ ਵੋਟਰ ਜਾਗਰੂਕਤਾ ਕੈਂਪ : ਡਿਪਟੀ ਕਮਿਸ਼ਨਰ
ਆਨਲਾਈਨ/ਆਫਲਾਈਨ ਵੋਟ ਰਜਿਸਟਰੇਸ਼ਨ ਪ੍ਰਕਿਰਿਆ ਬਾਰੇ ਜਾਣਕਾਰੀ ਦੇਣ ਲਈ ਜ਼ਿਲ੍ਹਾ ਸੰਪਰਕ ਕੇਂਦਰ ਸਥਾਪਤ
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਇਹ ਵੀ ਦੱਸਿਆ ਕਿ ਜ਼ਿਲ੍ਹਾ ਚੋਣ ਦਫ਼ਤਰ, ਜਲੰਧਰ ਵਿਖੇ ਵੋਟਰ ਹੈਲਪਲਾਈਨ ਨੰਬਰ 1950 ਦੇ ਨਾਲ ਜ਼ਿਲ੍ਹਾ ਸੰਪਰਕ ਕੇਂਦਰ ਸਥਾਪਤ ਕੀਤਾ ਗਿਆ ਹੈ, ਜਿਥੇ ਨਿਯੁਕਤ ਡਾਟਾ ਐਂਟਰੀ ਆਪ੍ਰੇਟਰਾਂ ਵੱਲੋਂ ਸਾਰੇ ਕੰਮਕਾਜੀ ਦਿਨਾਂ ਦੌਰਾਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਲੋਕਾਂ/ਵੋਟਰਾਂ ਨੂੰ ਆਨਲਾਈਨ/ਆਫਲਾਈਨ ਵੋਟ ਰਜਿਸਟਰੇਸ਼ਨ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਜਲੰਧਰ, 23 ਜੂਨ 2021: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਨੂੰ ਵੋਟ ਬਣਾਉਣ ਸਬੰਧੀ ਜਾਣਕਾਰੀ ਦੇਣ ਅਤੇ ਆਨਲਾਈਨ/ਆਫਲਾਈਨ ਰਜਿਸਟਰੇਸ਼ਨ ਕਰਵਾਉਣ ਲਈ ਜ਼ਿਲ੍ਹਾ ਜਲੰਧਰ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ 24 ਜੂਨ 2021 ਤੋਂ ਲਗਾਤਾਰ ਸਵੇਰੇ 9.00 ਵਜੇ ਤੋਂ ਦਪਹਿਰ 2.00 ਤੱਕ ਵੋਟਰ ਜਾਗਰੂਕਤਾ ਕੈਂਪ ਲਗਾਏ ਜਾਣਗੇ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੁੱਲ 29 ਥਾਵਾਂ ‘ਤੇ ਕੈਂਪ ਲਗਾਏ ਜਾ ਰਹੇ ਹਨ, ਜੋ ਕਿ ਜ਼ਿਲ੍ਹੇ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਵੱਖ-ਵੱਖ ਜਨਤਕ ਥਾਵਾਂ ‘ਤੇ ਚੋਣ ਹਲਕੇ ਦੇ ਸਬੰਧਤ ਸਵੀਪ ਨੋਡਲ ਅਫ਼ਸਰ ਦੀ ਅਗਵਾਈ ਵਿੱਚ ਸੈਕਟਰ ਅਫ਼ਸਰ/ਬੀ.ਐਲ.ਓਜ਼ ਦੁਆਰਾ ਲਗਾਏ ਜਾਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਕੈਂਪ ਵਿਧਾਨ ਸਭਾ ਚੋਣ ਹਲਕਾ ਫਿਲੌਰ ਵਿਖੇ ਐਸ.ਡੀ.ਐਮ. ਦਫ਼ਤਰ ਫਿਲੌਰ, ਗੁਰਾਇਆ, ਹਲਕਾ ਨਕੋਦਰ ਵਿਖੇ ਨੂਰਮਹਿਲ, ਐਸ.ਡੀ.ਐਮ. ਦਫ਼ਤਰ ਨਕੋਦਰ, ਹਲਕਾ ਸ਼ਾਹਕੋਟ ਵਿਖੇ ਮਹਿਤਪੁਰ, ਐਸ.ਡੀ.ਐਮ. ਦਫ਼ਤਰ ਸ਼ਾਹਕੋਟ, ਲੋਹੀਆਂ ਖਾਸ, ਮਲਸੀਆਂ, ਹਲਕਾ ਕਰਤਾਰਪੁਰ ਵਿਖੇ ਕਰਤਾਰਪੁਰ, ਲਾਂਬੜਾ, ਕਿਸ਼ਨਗੜ੍ਹ, ਜੰਡੂ ਸਿੰਘਾ, ਹਲਕਾ ਜਲੰਧਰ ਪੱਛਮੀ ਵਿਖੇ ਗੁਰੂ ਰਵਿਦਾਸ ਚੌਕ, ਫੁੱਟਬਾਲ ਚੌਕ, ਹਲਕਾ ਜਲੰਧਰ ਕੇਂਦਰੀ ਵਿਖੇ ਡੀ.ਸੀ. ਦਫ਼ਤਰ ਸੁਵਿਧਾ ਕੇਂਦਰ, ਬੀ.ਐਮ.ਸੀ., ਲੱਧੇਵਾਲੀ, ਹਲਕਾ ਜਲੰਧਰ ਉੱਤਰੀ ਵਿਖੇ ਅਪਾਹਜ ਆਸ਼ਰਮ, ਨਿਊ ਸਬਜ਼ੀ ਮੰਡੀ, ਦੋਆਬਾ ਚੌਕ, ਰੇਲਵੇ ਸਟੇਸ਼ਨ, ਜਲੰਧਰ ਕੈਂਟ ਵਿਖੇ ਰਾਮਾ ਮੰਡੀ, ਹਲਕਾ ਜਲੰਧਰ ਕੈਂਟ, ਜੰਡਿਆਲਾ, ਮਾਡਲ ਟਾਊਨ, ਬੱਸ ਸਟੈਂਡ ਅਤੇ ਹਲਕਾ ਆਦਮਪੁਰ ਵਿਖੇ ਆਦਮਪੁਰ, ਅਲਾਵਲਪੁਰ ਅਤੇ ਭੋਗਪੁਰ ਵਿਖੇ ਲਗਾਏ ਜਾਣਗੇ।
ਸ਼੍ਰੀ ਥੋਰੀ ਨੇ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਕੈਂਪਾਂ ਵਿੱਚ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਅਤੇ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੰਦਿਆਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਵੋਟ ਬਣਾਉਣ ਸਬੰਧੀ ਜਾਣਕਾਰੀ ਹਾਸਲ ਕਰਨ ਅਤੇ ਆਨਲਾਈਨ/ਆਫਲਾਈਨ ਰਜਿਸਟਰੇਸ਼ਨ ਕਰਵਾਉਣ ਲਈ ਇਨ੍ਹਾਂ ਕੈਂਪਾਂ ਦਾ ਲਾਭ ਲੈਣ ਦਾ ਸੱਦਾ ਦਿੱਤਾ।