ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਵਿਸ਼ਵ ਸ਼ਰਨਾਰਥੀ ਦਿਵਸ ’ਤੇ ਵੈਬੀਨਾਰ ਆਯੋਜਿਤ
ਹੁਸ਼ਿਆਰਪੁਰ, 22 ਜੂਨ 2021 :
ਸੀ.ਜੇ.ਐਮ-ਕਮ- ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਦੇ ਨਿਰਦੇਸ਼ਾਂ ’ਤੇ ਵਿਸ਼ਵ ਸ਼ਰਨਾਰਥੀ ਦਿਵਸ ਸਬੰਧੀ ਵੈਬੀਨਾਰ ਕਰਵਾਇਆ ਗਿਆ। ਵੈਬੀਨਾਰ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਵਿਸ਼ਵ ਸ਼ਰਨਾਰਥੀ ਦਿਵਸ ਸਬੰਧੀ ਹੋਰ ਪਹਿਲੂਆਂ ਦੇ ਬਾਰੇ ਵਿੱਚ ਚਰਚਾ ਕੀਤੀ।
ਵੈਬੀਨਾਰ ਨੂੰ ਸੰਬੋਧਨ ਕਰਦੇ ਹੋਏ ਪੈਨਲ ਐਡਵੋਕੇਟ ਮਲਕੀਤ ਸਿੰਘ ਸੀਕਰੀ ਨੇ ਹਾਜ਼ਰਾਂ ਨੂੰ ਵਿਸ਼ਵ ਸ਼ਰਨਾਰਥੀ ਦਿਵਸ ਦੀ ਮਹੱਤਤਾ ਤੇ ਮਹਾਨਤਾ ਦੇ ਬਾਰੇ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਅੱਜ ਦਾ ਇਹ ਦਿਨ ਪੂਰੇ ਵਿਸ਼ਵ ਦੇ ਸ਼ਰਨਾਰਥੀਆਂ ਲਈ ਮਾਣ ਅਤੇ ਸਨਮਾਨ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਇਹ ਦਿਨ ਉਨ੍ਹਾਂ ਲੋਕਾਂ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ ਜਿਨ੍ਹਾਂ ਨੂੰ ਆਪਣਾ ਘਰ ਜਾਂ ਦੇਸ਼ ਕਿਸੇ ਝਗੜੇ, ਧਰਮ ਤੋਂ ਇਲਾਵਾ ਹੋਰ ਕਾਰਨਾ ਅਤੇ ਮਜ਼ਬੂਰੀਆਂ ਨਾਲ ਛੱਡਣਾ ਪਿਆ ਹੋਵੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਲੋਕਾਂ ਦੇ ਪੁਨਰਵਾਸ, ਸਿਹਤ ਸੰਭਾਲ, ਖਾਣ-ਪੀਣ, ਰਿਹਾਇਸ਼ ਅਤੇ ਸੁਰੱਖਿਆ ਆਦਿ ਪ੍ਰਦਾਨ ਕਰਨ ਦੇ ਮਨੋਰਥ ਨਾਲ ਅੱਜ ਦਾ ਇਹ ਵਿਸ਼ਵਵਿਆਪੀ ਦਿਵਸ ਮਨਾਇਆ ਜਾਂਦਾ ਹੈ, ਜਿਸ ਨਾਲ ਸੰਯੁਕਤ ਰਾਸ਼ਟਰ ਦੇਸ਼ਾਂ ਦਾ ਬਹੁਤ ਵੱਡਾ ਸਾਥ ਹੈ। ਵੈਬੀਨਾਰ ਵਿੱਚ ਸੁਰੇਸ਼ ਕੁਮਾਰ, ਪਵਨ ਕੁਮਾਰ, ਮੋਹਨ ਸਿੰਘ, ਸੋਨੀਆ, ਜਸਮੀਨ ਭਾਰਦਵਾਜ, ਹਰਜੀਤ ਕੌਰ, ਜਸਵਿੰਦਰ ਕੌਰ, ਹਰਮਨ ਸਿੰਘ, ਐਡਵੋਕੇਟ ਗੁਰਪ੍ਰੀਤ ਕੌਰ ਅਤੇ ਵਿਕਰਮ ਸੇਠੀ ਆਦਿ ਨੇ ਵੀ ਹਿੱਸਾ ਲਿਆ।