ਜ਼ਿਲ੍ਹੇ ’ਚ ਕਰੋਨਾ ਪਾਜ਼ਟਿਵ ਕੇਸਾਂ ਦੀ ਗਿਣਤੀ ਅਤੇ ਮੌਤ ਦਾ ਅੰਕੜਾ ਘੱਟ ਹੋਣਾ ਚੰਗਾ ਸੰਕੇਤ — ਡਿਪਟੀ ਕਮਿਸ਼ਨਰ
ਮਿਸ਼ਨ ਫਤਹਿ ਤਹਿਤ 24 ਮਰੀਜ਼ਾਂ ਨੇ ਕਰੋਨਾ ਨੂੰ ਹਰਾਇਆ — ਰਾਮਵੀਰ
ਸੰਗਰੂਰ, 29 ਜੂਨ 2021: ਜ਼ਿਲ੍ਹਾ ਸੰਗਰੂਰ ਅੰਦਰ ਕੋਰੋਨਾ ਪਾਜ਼ਟਿਵ ਕੇਸਾਂ ਦੀ ਗਿਣਤੀ ਘੱਟ ਹੋਣਾ ਜਿੱਥੇ ਰਾਹਤ ਵਾਲੀ ਗੱਲ ਹੈ, ਉਥੇ ਮਹਾਂਮਾਰੀ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਆਏ ਦਿਨ ਘੱਟ ਹੋਣਾ ਸ਼ੁਰੂ ਹੋ ਗਿਆ ਹੈ। ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਕੋਵਿਡ-19 ਦੇ ਤਾਜ਼ਾ ਅੰਕੜਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜ਼ਿਲ੍ਹੇ ਅੰਦਰ ਅੱਜ 24 ਪਾਜ਼ਟਿਵ ਮਰੀਜ਼ਾਂ ਨੇ ਕਰੋਨਾ ਨੂੰ ਹਰਾ ਕੇ ਫਤਹਿ ਹਾਸਿਲ ਕੀਤੀ ਜਦਕਿ ਮਹਾਂਮਾਰੀ ਨਾਲ ਇਕ ਵੀ ਮੌਤ ਨਹੀ ਹੋਈ।
ਸ੍ਰੀ ਰਾਮਵੀਰ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਹੁਣ ਤੱਕ 5 ਲੱਖ 19 ਹਜਾਰ ਤੋਂ ਵੱਧ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਹਨ, ਜਦਕਿ 5 ਲੱਖ 3 ਹਜ਼ਾਰ 425 ਵਿਅਕਤੀਆਂ ਦੀ ਕਰੋਨਾਂ ਰਿਪੋਰਟ ਨੈਗਟਿਵ ਆਈ ਹੈ। ਉਨਾਂ ਕਿਹਾ ਕਿ ਤਾਜ਼ਾ ਅੰਕੜਿਆਂ ਮੁਤਾਬਿਕ ਹੁਣ ਤੱਕ ਜ਼ਿਲ੍ਹੇ ਅੰਦਰ 14 ਹਜ਼ਾਰ 582 ਪਾਜ਼ਟਿਵ ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ।
ਉਨਾਂ ਕਿਹਾ ਕਿ ਭਾਵੇਂ ਕਰੋਨਾ ਕੇਸਾਂ ਅੰਦਰ ਕਮੀ ਦੇਖਣ ਨੂੰ ਮਿਲ ਰਹੀ ਹੈ, ਪਰੰਤੂ ਫਿਰ ਵੀ ਲੋਕਾਂ ਨੂੰ ਅਵੇਸਲੇ ਹੋਣ ਦੀ ਲੋੜ ਨਹੀ, ਬਲਕਿ ਕਰੋਨਾ ਮਹਾਂਮਾਰੀ ਦੇ ਨਿਯਮਾਂ ਅਤੇ ਸਾਵਧਾਨੀਆਂ ਦਾ ਪੂਰੀ ਤਰਾਂ ਧਿਆਨ ਦੇਣ ਦੀ ਲੋੜ ਹੈ। ਉਨਾਂ ਕਿਹਾ ਕਿ ਹਰੇਕ ਵਿਅਕਤੀ ਦੀ ਨਿੱਜੀ ਜਿੰਮੇਵਾਰੀ ਬਣਦੀ ਹੈ ਕਿ ਆਪਣੇ ਅਤੇ ਦੂਜਿਆਂ ਦੇ ਬਚਾਅ ਲਈ ਮਾਸਕ ਪਾਉਣ ਅਤੇ ਜਨਤਕ ਇੱਕਠਾ ਤੋਂ ਗੁਰੇਜ਼ ਕਰਨ।