ਹੁਣ 430 ਰੁਪਏ ਵਿਚ ਜਲਦੀ ਲਗਵਾਉ ਕੋਵਿਡ ਵੈਕਸੀਨ
ਬਟਾਲਾ, 1 ਜੂਨ 2021- ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਲੋਕਾਂ ਨੂੰ ਵੀ ਕੋਵਿਡ ਵੈਕਸੀਨ ਲਗਵਾਉਣ ਦੀ ਸਹੂਲਤ ਦਿੱਤੀ ਹੈ ਜਿਨ੍ਹਾਂ ਦੀ ਅਜੇ ਵਾਰੀ ਨਹੀਂ ਆਈ ਹੈ। ਵਿਦੇਸ਼ ਜਾਣ ਵਾਲੇ ਵਿਅਕਤੀ ਜਿਨ੍ਹਾਂ ਲਈ ਵੈਕਸੀਨੇਸ਼ਨ ਦਾ ਸਰਟੀਫਿਕੇਟ ਲਾਜ਼ਮੀ ਹੈ ਜਾਂ ਉਹ ਵਿਅਕਤੀ ਜਿਹੜੇ ਆਪਣੀ ਵਾਰੀ ਤੋਂ ਪਹਿਲਾਂ ਅਤੇ ਜਲਦੀ ਕੋਵਿਡ ਵੈਕਸੀਨ ਲਗਵਾਉਣੀ ਚਾਹੁੰਦੇ ਹਨ ਉਹ ਹੁਣ 430 ਰੁਪਏ ਅਦਾ ਕਰਕੇ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਦੇ ਦਫ਼ਤਰ ਤੋਂ ਵੈਕਸੀਨ ਲਗਵਾ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸਾਂ ਤਹਿਤ ਇਸ ਸਮੇਂ 18-44 ਸਾਲ ਦੇ ਉਮਰ ਵਾਲੇ ਭਾਵ ਫਰੰਟ ਵਰਕਰ ਜਾਂ ਸਿਹਤ ਕਰਮੀਆਂ ਤੋਂ ਇਲਾਵਾ ਦੂਜੇ ਵਿਅਕਤੀ ਵੀ ਕੋਵਿਡ ਵੈਕਸੀਨ ਲਗਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜਿਨ੍ਹਾਂ ਵਰਗਾਂ ਲਈ ਵੈਕਸੀਨ ਲਾਗੂ ਕੀਤੀ ਗਈ ਹੈ ਜੇਕਰ ਉਨ੍ਹਾਂ ਤੋਂ ਇਲਾਵਾ ਵੀ ਕੋਈ ਵਿਅਕਤੀ ਵੈਕਸੀਨ ਲਗਵਾਉਣਾ ਚਾਹੁੰਦਾ ਹੈ ਤਾਂ ਉਹ 430 ਰੁਪਏ ਦੇ ਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਿਚ ਆਪਣਾ ਨਾਂਅ ਦਰਜ ਕਰਵਾ ਕੇ ਵੈਕਸੀਨ ਲਗਵਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੈਕਸੀਨ ਲਗਾਉਣ ਲਈ 01874-241257, 62393-19083 ਅਤੇ 62831-14877 ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਰੈੱਡ ਕਰਾਸ ਸੁਸਾਇਟੀ ਦੇ ਦਫਤਰ ਵਿਖੇ ਜਾ ਕੇ ਕੋਵਿਡ ਵੈਕਸੀਨ ਲਗਵਾਈ ਜਾ ਸਕਦੀ ਹੈ।