ਹਲਕਾ ਵਿਧਾਇਕ ਸ. ਗੁਰਪ੍ਰੀਤ ਸਿੰਘ ਜੀ.ਪੀ. ਅਤੇ ਬਾਬਾ ਰਾਮ ਸਿੰਘ ਗੰਢੂਆਂ ਨੇ ਸੜਕ ਕੀਤੀ ਲੋਕ ਅਰਪਣ
ਫ਼ਤਹਿਗੜ੍ਹ ਸਾਹਿਬ/ਬਸੀ ਪਠਾਣਾਂ, 09 ਜੂਨ
ਕਰੀਬ 07.50 ਕਰੋੜ ਰੁਪਏ ਦੀ ਲਾਗਤ ਨਾਲ ਨਵਨਿਰਮਾਣ ਕੀਤੀ ਦੁਫੇੜਾ ਚੌਕ ਤੋਂ ਬਸੀ ਪਠਾਣਾਂ ਤੱਕ ਦੀ ਸੜਕ ਹਲਕਾ ਬਸੀ ਪਠਾਣਾਂ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਅਤੇ ਬਾਬਾ ਰਾਮ ਸਿੰਘ ਜੀ ਗੰਢੂਆਂ ਵੱਲੋਂ ਦੁਫੇੜਾ ਚੌਕ ਵਿਖੇ ਲੋਕ ਅਰਪਿਤ ਕੀਤੀ ਗਈ।ਇਸ ਮੌਕੇ ਭੈਰੋਂਪੁਰ ਬਾਈਪਾਸ ਤੋਂ ਸੂਏ ਦੇ ਨਾਲ ਨਾਲ ਦੁਫੇੜਾ ਚੌਕ ਤੋਂ ਬਸੀ ਪਠਾਣਾਂ ਤੱਕ ਦੀ ਸੜਕ ਨਾਲ ਜੁੜਨ ਵਾਲੀ ਨਵੀਂ ਸੜਕ ਵੀ ਲੋਕ ਅਰਪਣ ਕੀਤੀ ਗਈ।
ਇਸ ਮੌਕੇ ਵਿਧਾਇਕ ਸ਼੍ਰੀ ਜੀ.ਪੀ. ਨੇ ਕਿਹਾ ਕਿ ਇਹ ਦੋਵੇਂ ਸੜਕਾਂ ਬਣਨ ਨਾਲ ਲੋਕਾਂ ਦੀ ਚਿਰਕੋਣੀ ਮੰਗ ਪੂਰੀ ਹੋਈ ਹੈ, ਜਿਸ ਨਾਲ ਲੋਕਾਂ ਨੂੰ ਆਵਾਜਾਈ ਸਬੰਧੀ ਵੱਡੀਆਂ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਸ਼ਹੀਦੀ ਸਭਾ ਦੌਰਾਨ ਇਹ ਸੜਕਾਂ ਫ਼ਤਹਿਗੜ੍ਹ ਸਾਹਿਬ ਸਬੰਧੀ ਬਾਈਪਾਸ ਦਾ ਕੰਮ ਕਰਨਗੀਆਂ ਕਿਉਂਕਿ ਜੀ.ਟੀ. ਰੋਡ ਤੋਂ ਆਉਣ ਵਾਲੀ ਟਰੈਫਿਕ ਦੁਫੇੜਾ ਚੌਕ ਜਾਂ ਭੈਰੋਂਪੁਰ ਬਾਈਪਾਸ ਹੋ ਕੇ ਬਸੀ ਪਠਾਣਾਂ ਤੇ ਅੱਗੇ ਮੋਰਿੰਡਾ ਆਦਿ ਨੂੰ ਜਾ ਸਕੇਗੀ।ਉਨ੍ਹਾਂ ਕਿਹਾ ਕਿ ਇਸ ਸੜਕ ਨੂੰ ਚੌੜਾ ਕੀਤਾ ਗਿਆ ਹੈ ਪਹਿਲਾਂ ਇਹ ਸੜਕ 18 ਫੁੱਟ ਹੋਣ ਕਾਰਨ ਲੋਕਾਂ ਨੂੰ ਟਰੈਫਿਕ ਸਬੰੰਧੀ ਦਿੱਕਤਾਂ ਦਰਪੇਸ਼ ਸਨ।
ਸ. ਜੀ.ਪੀ. ਨੇ ਦੱਸਿਆ ਕਿ ਹਲਕੇ ਦੀਆਂ ਸੜਕਾਂ ਦੀ ਕਰੋੜਾਂ ਰੁਪਏ ਦੀ ਲਾਗਤ ਨਾਲ ਕਾਇਆ ਕਲਪ ਕੀਤੀ ਗਈ ਹੈ ਤੇ ਰਹਿੰਦੀਆਂ ਸੜਕਾਂ ਸਬੰਧੀ ਕੰਮ ਜੰਗੀ ਪੱਧਰ ਉਤੇ ਜਾਰੀ ਹੈ ਜਾਂ ਛੇਤੀ ਹੀ ਸ਼ੁਰੂ ਕਰ ਕੇ ਜਲਦ ਮੁਕੰਮਲ ਕਰ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਬਸੀ ਪਠਾਣਾਂ ਤੋਂ ਖੇੜੀ ਚੌਕ, ਸੰਘੋਲ-ਖੇੜੀ ਨੌਧ ਸਿੰਘ ਵਾਲੀ ਸੜਕ, ਖਮਾਣੋਂ ਤੋਂ ਮਨੈਲਾ, ਮਨੈਲੀ, ਧਨੌਲਾ ਸੜਕ ਦਾ ਕੰਮ ਛੇਤੀ ਹੀ ਸ਼ੁਰੂ ਹੋਣ ਵਾਲਾ ਹੈ।ਉਨ੍ਹਾਂ ਕਿਹਾ ਕਿ ਹਲਕੇ ਦੀ ਇਕ ਵੀ ਸੜਕ ਨੁਹਾਰ ਬਦਲੇ ਜਾਣ ਤੋਂ ਵਾਂਝੀ ਨਹੀਂ ਰਹਿਣ ਦਿੱਤੀ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਪ੍ਰਧਾਨ ਸ਼੍ਰੀ ਹਰਿੰਦਰ ਸਿੰਘ ਭਾਂਬਰੀ ਨੇ ਕਿਹਾ ਕਿ ਇਸ ਸੜਕ ਨਾਲ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਮਿਲੀ ਹੈ, ਜੋ ਕਿ ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ ਦੀ ਮਿਹਨਤ ਸਦਕਾ ਤਿਆਰ ਹੋਈ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਜੀ.ਪੀ. ਹਲਕੇ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਹੇ ਹਨ ਤੇ ਵੱਧ ਤੋਂ ਵੱਧ ਸਮਾਂ ਹਲਕੇ ਵਿੱਚ ਰਹਿ ਕੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਦਿਨ ਰਾਤ ਇਕ ਕਰ ਰਹੇ ਹਨ।
ਇਸ ਮੌਕੇ ਐਸ ਡੀ ਐਮ ਜਸਪ੍ਰੀਤ ਸਿੰਘ, ਐਸ ਪੀ ਹਰਪਾਲ ਸਿੰਘ, ਡੀ ਐਸ ਪੀ ਸੁਖਮਿੰਦਰ ਸਿੰਘ, ਓਮ ਪ੍ਰਕਾਸ਼ ਤਾਂਗੜੀ, ਰਵਿੰਦਰ ਸਿੰਘ ਪ੍ਰਧਾਨ ਨਗਰ ਕੌਂਸਲ ਬਸੀ ਪਠਾਣਾਂ, ਨਿਰੰਜਨ ਦਾਸ, ਸ਼ਮਸ਼ੇਰ ਸਿੰਘ ਐਸ ਡੀ ਓ, ਹਰਕੀਤ ਸਿੰਘ ਜੇ ਈ ਸਮੇਤ ਵੱਖ ਵੱਖ ਅਧਿਕਾਰੀ ਹਾਜ਼ਰ ਸਨ।