ਸੰਸਦ ਮੈਂਬਰ ਪੂਰੇ ਜ਼ੋਰ ਸ਼ੋਰ ਨਾਲ ਸੰਸਦ ਵਿੱਚ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ: ਨਾਗਰਾ
ਫ਼ਤਹਿਗੜ੍ਹ ਸਾਹਿਬ, 17 ਜੁਲਾਈ 2021 : ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਲੜੀ ਜਾ ਰਹੀ ਲੜਾਈ ਕੇਵਲ ਕਿਸਾਨਾਂ ਦੀ ਲੜਾਈ ਨਹੀਂ ਸਗੋਂ ਪੰਜਾਬ ਦੀ ਹੋਂਦ ਬਚਾਉਣ ਦੀ ਲੜਾਈ ਹੈ।ਇਸ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਤੇ ਸੰਸਦ ਵਿੱਚ ਵੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਲੋਕ ਵ੍ਹਿਪ ਮੁਤਾਬਕ ਇਨ੍ਹਾਂ ਕਾਨੂੰਨਾਂ ਖਿਲਾਫ ਜ਼ੋਰਦਾਰ ਢੰਗ ਨਾਲ ਆਵਾਜ਼ ਬੁਲੰਦ ਕੀਤੀ ਜਾਵੇਗੀ ਤੇ ਜਦੋਂ ਤੱਕ ਕੇਂਦਰ ਸਰਕਾਰ ਇਹ ਕਾਨੂੰਨ ਵਾਪਸ ਨਹੀਂ ਲੈ ਲੈਂਦੀ, ਉਦੋਂ ਤੱਕ ਸਦਨ ਦੀ ਕਾਰਵਾਈ ਚੱਲਣ ਨਹੀਂ ਦਿੱਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਬੱਚਤ ਭਵਨ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਾਰੀ ਲੋਕ ਵ੍ਹਿਪ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਸਮੇਤ ਵੱਖ ਵੱਖ ਕਿਸਾਨ ਯੂਨੀਅਨਾਂ ਦੇ ਆਗੂ ਤੋਂ ਲੋਕ ਵ੍ਹਿਪ ਲੈਣ ਮੌਕੇ ਕੀਤਾ।
ਸੰਸਦ ਮੈਂਬਰ ਨੇ ਕਿਹਾ ਕਿ ਕਿਸਾਨ ਲੰਮੇਂ ਸਮੇਂ ਤੋਂ ਸੜਕਾਂ ਉਤੇ ਮੀਂਹ, ਹਨੇਰੀ, ਝੱਖੜ, ਠੰਢ, ਗਰਮੀ ਆਦਿ ਝਲਦਿਆਂ ਸੰਘਰਸ਼ ਕਰ ਰਹੇ ਹਨ ਪਰ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਤੇ ਮੰਡੀਕਰਨ ਪ੍ਰਬੰਧ ਕਾਰਖਾਨੇਦਾਰਾਂ ਦੇ ਹੱਥ ਫੜਾਉਣ ਉਤੇ ਅੜੀ ਹੋਈ ਹੈ, ਪਰ ਕੇਂਦਰ ਸਰਕਾਰ ਦਾ ਇਹ ਮਨਸ਼ਾ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਮੌਕੇ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਸਦ ਵਿੱਚ ਸੰਸਦ ਮੈਂਬਰਾਂ ਜ਼ਰੀਏ ਆਪਣੀ ਆਵਾਜ਼ ਬੁਲੰਦ ਕਰਨ ਦੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਸੰਸਦ ਵਿੱਚ ਇੱਕ ਸੰਸਦ ਮੈਂਬਰ ਹੀ ਆਪਣੇ ਲੋਕਾਂ ਦੀ ਆਵਾਜ਼ ਬੁਲੰਦ ਕਰ ਸਕਦਾ ਹੈ। ਜਦੋਂ ਵੱਡੀ ਗਿਣਤੀ ਸੰਸਦ ਮੈਂਬਰ ਕਿਸਾਨਾਂ ਦੀ ਆਵਾਜ਼ ਸੰਸਦ ਵਿੱਚ ਬੁਲੰਦ ਕਰਨਗੇ ਤਾਂ ਭਾਜਪਾ ਤੇ ਆਰ.ਐਸ.ਐਸ. ਦੀਆਂ ਲੋਕ ਮਾਰੂ ਨੀਤੀਆਂ ਨੂੰ ਠੱਲ੍ਹ ਜ਼ਰੂਰ ਪਵੇਗੀ।
ਸ. ਨਾਗਰਾ ਨੇ ਕਿਹਾ ਕਿ ਇੱਕ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਉਹ ਵੀ ਲਗਾਤਾਰ ਕਿਸਾਨ ਮੋਰਚੇ ਵਿੱਚ ਗੈਰਸਿਆਸੀ ਰੂਪ ਵਿੱਚ ਸ਼ਾਮਲ ਹੁੰਦੇ ਰਹੇ ਆ। ਇਨ੍ਹਾਂ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਉਨ੍ਹਾਂ ਨੇ ਅਸਤੀਫਾ ਵੀ ਦਿੱਤਾ ਤੇ ਵਿਧਾਨ ਸਭਾ ਸਮੇਤ ਹਰ ਢੁੱਕਵੀਂ ਥਾਂ ਉਤੇ ਇਨ੍ਹਾਂ ਕਾਲੇ ਕਾਨੂੰਨਾਂ ਖਿਲਾਫ ਆਵਾਜ਼ ਵੀ ਚੁੱਕੀ। ਹਲਕਾ ਫ਼ਤਹਿਗੜ੍ਹ ਸਾਹਿਬ ਵਿੱਚ ਵੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰ ਕੇ ਇਸ ਸੰਘਰਸ਼ ਵਿੱਚ ਯੋਗਦਾਨ ਪਾਇਆ ਹੈ ਤੇ ਅੱਗੇ ਵੀ ਪਾਉਂਦੇ ਰਹਿਣਗੇ। ਉਨ੍ਹਾਂ ਨੇ ਕਿਸਾਨਾਂ ਵੱਲੋਂ ਸੰਸਦ ਮੈਂਬਰ ਡਾ. ਅਮਰ ਸਿੰਘ ਨੂੰ ਅਪੀਲ ਕੀਤੀ ਕਿ ਸ. ਅਮਰ ਸਿੰਘ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਦੇ ਸੀ.ਐਮ.ਡੀ. ਰਹਿ ਚੁੱਕੇ ਹਨ, ਜੋ ਕਿਸਾਨ ਲਈ ਵੱਡਾ ਸਹਾਰਾ ਹੈ ਪਰ ਭਾਜਪਾ ਇਸ ਅਦਾਰੇ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਸ. ਅਮਰ ਸਿੰਘ ਨੂੰ ਭਲੀਭਾਂਤ ਪਤਾ ਹੈ ਕਿ ਇਸ ਨਾਲ ਕਿਸਾਨ ਜਾਂ ਹੋਰ ਸਬੰਧਤ ਧਿਰਾਂ ਨੂੰ ਕਿਵੇਂ ਨੁਕਸਾਨ ਹੋਣਾ ਹੈ। ਇਸ ਲਈ ਉਹ ਸੰਸਦ ਵਿੱਚ ਕਿਸਾਨਾਂ ਦੀ ਆਵਾਜ਼ ਪਿਛਲੇ ਸੈਸ਼ਨ ਤੋਂ ਵੱਧ ਜ਼ੋਰਦਾਰ ਢੰਗ ਨਾਲ ਚੁੱਕਣਗੇ।
ਇਸ ਮੌਕੇ ਵੱਖ ਵੱਖ ਕਿਸਾਨਾਂ ਵੱਲੋਂ ਮੋਹਾਲੀ ਏਅਰਪੋਰਟ ਤੋਂ ਕੌਮੀ ਮਾਰਗ 44 ਭਾਵ ਜੀ.ਟੀ. ਰੋਡ ਤੱਕ ਬਣਨ ਵਾਲੀ ਨਵੀਂ ਸੜਕ ਲਈ ਸਬੰਧੀ ਢੁੱਕਵੇਂ ਮੁਆਵਜ਼ੇ ਲਈ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਮੰਗ ਪੱਤਰ ਸੰਸਦ ਮੈਂਬਰ ਨੂੰ ਸੌਂਪਿਆ ਗਿਆ। ਸ. ਨਾਗਰਾ ਤੇ ਸ. ਅਮਰ ਸਿੰਘ ਨੇ ਭਰੋਸਾ ਦਿੱਤਾ ਕਿ ਕੋਈ ਵੀ ਕਿਸਾਨ ਅਜਿਹਾ ਨਹੀਂ ਰਹਿਣ ਦਿੱਤਾ ਜਾਵੇਗਾ, ਜਿਸ ਨੂੰ ਇਸ ਪ੍ਰੋਜਕੈਟ ਸਬੰਧੀ ਢੁੱਕਵਾਂ ਮੁਆਵਜ਼ਾ ਨਾ ਮਿਲੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਖੜ੍ਹੀ ਹੈ ਤੇ ਔਖ ਸੌਖ ਵਿੱਚ ਨਾਲ ਖੜ੍ਹੀ ਰਹੇਗੀ।
ਇਸ ਮੌਕੇ ਵਿਧਾਇਕ ਨਾਗਰਾ ਦੇ ਮੀਡੀਆ ਇੰਚਾਰਜ ਪਰਮਵੀਰ ਸਿੰਘ ਟਿਵਾਣਾ ਸਮੇਤ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂ, ਕਿਸਾਨ ਤੇ ਪਤਵੰਤੇ ਹਾਜ਼ਰ ਸਨ।