ਸੁੰਦਰ ਸ਼ਾਮ ਅਰੋੜਾ ਨੇ ਪਨਕੈਂਪਾ ਤਹਿਤ ਮਾਂਝੀ ਪਿੰਡ ਦੇ 68 ਲਾਭਪਾਤਰੀਆਂ ਨੂੰ ਸੌਂਪੇ ਗੈਸ ਕੁਨੈਕਸ਼ਨ
ਹੁਸ਼ਿਆਰਪੁਰ, 22 ਜੂਨ 2021 :
ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਪਨਕੈਂਪਾ ਸਕੀਮ ਤਹਿਤ ਨੇੜਲੇ ਪਿੰਡ ਮਾਂਝੀ ਵਿਖੇ 68 ਲਾਭਪਾਤਰੀਆਂ ਨੂੰ ਗੈਸ ਕੁਨੈਕਸ਼ਨ ਦਿੰਦਿਆਂ ਕਿਹਾ ਕਿ ਇਹ ਸਹੂਲਤ ਕੰਢੀ ਖੇਤਰ ਦੇ ਵਸਨੀਕਾਂ ਦੀ ਸਿਹਤ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੋਈ ਦਰੱਖਤਾਂ ਦੀ ਬੇਲੋੜੀ ਕਟਾਈ ਨੂੰ ਰੋਕੇਗੀ।
ਜੰਗਲਾਤ ਵਿਭਾਗ ਦੀ ਵੁੱਡ ਸੇਵਿੰਗ ਕੂਕਿੰਗ ਅਪਲਾਇੰਸ ਸਕੀਮ (ਪਨਕੈਂਪਾ) ਦੇ ਮਕਸਦ ਸਬੰਧੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸਕੀਮ ਤਹਿਤ ਲਾਭਪਾਤਰੀਆਂ ਨੂੰ ਗੈਸ ਕੁਨੈਕਸ਼ਨ ਦੇਣਾ ਦਰੱਖਤਾਂ ਨੂੰ ਬਚਾਉਣ ਦੇ ਖੇਤਰ ਵਿੱਚ ਪੰਜਾਬ ਸਰਕਾਰ ਦਾ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਗੈਸ ਕੁਨੈਕਸ਼ਨ ਮਿਲਣ ਨਾਲ ਲਾਭਪਾਤਰੀ ਆਪਣੀਆਂ ਰਸੋਈਆਂ ਦੇ ਕੰਮਕਾਜ ਤੋਂ ਇਲਾਵਾ ਰੋਜਮਰਾ ਦੇ ਕੰਮਾਂ ਲਈ ਦਰੱਖਤ ਕੱਟ ਕੇ ਬਾਲਣ ਦੀ ਵਰਤੋਂ ਨਹੀਂ ਕਰਨਗੇ ਜਿਸ ਨਾਲ ਉਨ੍ਹਾਂ ਦੀ ਸਿਹਤ ’ਤੇ ਵੀ ਚੰਗਾ ਅਸਰ ਪਵੇਗਾ। ਉਨ੍ਹਾਂ ਦੱਸਿਆ ਕਿ ਪਨਕੈਂਪਾ ਤਹਿਤ ਵੱਖ-ਵੱਖ ਪਿੰਡਾਂ ਵਿੱਚ ਹੁਣ ਤੱਕ 400 ਦੇ ਕਰੀਬ ਲਾਭਪਾਤਰੀਆਂ ਨੂੰ ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ ਜਿਸ ਨਾਲ ਉਨ੍ਹਾਂ ਦੀਆਂ ਰਸੋਈਆਂ ਵਿੱਚ ਰੋਜ਼ਾਨਾ ਦਾ ਮਾਹੌਲ ਸਿਹਤਮੰਦ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੰਢੀ ਦੇ ਖੇਤਰ ਵਿੱਚ ਲੋੜੀਂਦਾ ਵਿਕਾਸ ਯਕੀਨੀ ਬਨਾਉਣ ਲਈ ਪਿਛਲੇ ਚਾਰ ਸਾਲਾਂ ਦੌਰਾਨ ਠੋਸ ਉਪਰਾਲੇ ਕੀਤੇ ਗਏ ਹਨ ਜਿਨ੍ਹਾਂ ਵਿੱਚ ਕੰਢੀ ਖੇਤਰ ਵਿੱਚ ਸਿੰਚਾਈ ਨੂੰ ਹੋਰ ਹੁਲਾਰਾ ਦੇਣ, ਪਾਣੀ ਦੀ ਸਪਲਾਈ ਆਦਿ ਮੁੱਖ ਤੌਰ ’ਤੇ ਸ਼ਾਮਲ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਜਤਿੰਦਰ ਕੁਮਾਰ, ਡਵੀਜ਼ਨਲ ਜੰਗਲਾਤ ਅਫ਼ਸਰ, ਅਮਨੀਤ ਸਿੰਘ, ਜਗਦੀਸ਼, ਰਾਜਨ, ਸਤਨਾਮ, ਨਿਰਮਲਾ ਦੇਵੀ, ਰਾਜ ਕੁਮਾਰੀ (ਸਾਰੇ ਪੰਚ), ਸਾਬਕਾ ਸਰਪੰਚ ਪਿਆਰਾ ਲਾਲ, ਬਲਾਕ ਦਿਹਾਤੀ ਪ੍ਰਧਾਨ ਕੈਪਟਨ ਕਰਮ ਚੰਦ, ਸਰਪੰਚ ਕੁਲਦੀਪ ਅਰੋੜਾ, ਸਰਬਜੀਤ, ਜਸਵਿੰਦਰ ਸਿੰਘ ਆਦਿ ਮੌਜੂਦ ਸਨ।