ਸਿਵਲ ਸਰਜਨ ਨੇ ਡੇਂਗੂ ਮਹੀਨੇ ਸਬੰਧੀ ਜਾਗਰੂਕਤਾ ਪੋਸਟਰ ਜਾਰੀ ਕੀਤਾ
ਸੰਗਰੂਰ, 2 ਜੁਲਾਈ 2021 : ਮਲੇਰੀਆ ਤੋਂ ਬਾਅਦ ਡੇਂਗੂ ਬੁਖਾਰ ਇੱਕ ਅਜਿਹੀ ਅਲਾਮਤ ਹੈ ਜੋ ਭਾਰਤ ਸਮੇਤ ਸੰਸਾਰ ਦੇ ਕਈ ਦੇਸ਼ਾਂ ਨੂੰ ਪ੍ਰਭਾਵਿਤ ਕਰਦੀ ਹੈ। ਦੁਨੀਆ ਵਿੱਚ ਹਰ ਸਾਲ 100 ਤੋਂ 400 ਮਿਲੀਅਨ ਲੋਕ ਇਸ ਦਾ ਸ਼ਿਕਾਰ ਹੋ ਜਾਂਦੇ ਹਨ। ਇਹ ਜਾਣਕਾਰੀ ਡਾ.ਅੰਜਨਾ ਗੁਪਤਾ ਨੇ ਡੇਂਗੂ ਜਾਗਰੂਕਤਾ ਦਾ ਪੋਸਟਰ ਜਾਰੀ ਕਰਦਿਆਂ ਦਿੱਤੀ।
ਡਾ.ਅੰਜਨਾ ਗੁਪਤਾ ਨੇ ਕਿਹਾ ਕਿ ਇਹ ਬੁਖਾਰ ਏਡੀਜ ਅਜਿਪਟੀ ਨਾਮੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਹ ਮੱਛਰ ਸਾਫ ਪਾਣੀ ਵਿਚ ਪਲਦਾ ਹੈ। ਉਨ੍ਹਾ ਕਿਹਾ ਕਿ ਇਸ ਦੇ ਖਾਤਮੇ ਲਈ ਹਰ ਸ਼ੁਕਰਵਾਰ ਨੂੰ ਦੇਸ਼ ਭਰ ਵਿੱਚ ‘ਡਰਾਈ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਸਿਹਤ ਵਿਭਾਗ ਦੇ ਕਰਮਚਾਰੀ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਹਨ ਅਤੇ ਕੂਲਰ, ਫਰਿੱਜ, ਏ ਸੀ, ਗਮਲੇ, ਪਾਣੀ ਦੇ ਭਰੇ ਚੁਭੱਚੇ ਅਤੇ ਹੋਰ ਪਾਣੀ ਖੜਨ ਦੇ ਸਰੋਤ ਚੈੱਕ ਕਰ ਕੇ ਉਨ੍ਹਾਂ ਨੂੰ ਪਾਣੀ ਰਹਿਤ ਕਰਦੇ ਹਨ। ਡਾ. ਗੁਪਤਾ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਘਰਾਂ, ਗਲੀਆਂ ਆਦਿ ਵਿੱਚ ਪਾਣੀ ਨਾ ਖੜਾ ਹੋਣ ਦੇਣ, ਘਰਾਂ ਦੀਆਂ ਛੱਤਾਂ ਉਪਰ ਟੁੱਟੇ ਭਾਂਡੇ, ਖ਼ਾਲੀ ਬੋਤਲਾਂ, ਟਾਇਰ ਆਦਿ ਨੂੰ ਨਾ ਸੁੱਟਣ। ਉਨ੍ਹਾ ਦੱਸਿਆ ਕਿ ਮੀਂਹ ਪੈਣ ਕਾਰਨ ਅਜਿਹੀਆਂ ਵਸਤੂਆਂ ਹੀ ਮੱਛਰ ਪੈਦਾ ਕਰਨ ਦਾ ਸਰੋਤ ਬਣ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਅਗਰ ਕੋਈ ਖੜ੍ਹਾ ਪਾਣੀ ਨਸ਼ਟ ਨਹੀਂ ਕੀਤਾ ਜਾ ਸਕਦਾ ਤਾਂ ਉਸ ਵਿੱਚ ਮਿੱਟੀ ਦਾ ਤੇਲ ਜਾਂ ਗੱਡੀਆਂ, ਮਸ਼ੀਨਰੀ ਆਦਿ ਵਿੱਚ ਵਰਤਿਆ ਜਾ ਚੁੱਕਾ ਤੇਲ ਪਾ ਕੇ ਮੱਛਰਾਂ ਨੂੰ ਪਲਣ ਤੋਂ ਰੋਕਿਆ ਜਾ ਸਕਦਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੇ ਟੋਭਿਆਂ ਵਿੱਚ ਸਿਹਤ ਮਹਿਕਮੇ ਵੱਲੋਂ ਗੰਬੂਜੀਆਂ ਮੱਛੀਆਂ ਛੱਡੀਆਂ ਜਾਂਦੀਆਂ ਹਨ ਜੋ ਕਿ ਇਸ ਮੱਛਰ ਦੇ ਲਾਰਵੇ ਨੂੰ ਖਾਂਦੀਆਂ ਹਨ। ਉਨ੍ਹਾਂ ਕਿਹਾ ਕਿ ਭਾਵੇਂ ਸਾਡੀਆਂ ਟੀਮਾਂ ਇਸ ਬਿਮਾਰੀ ਉੱਤੇ ਕਾਬੂ ਪਾਉਣ ਲਈ ਜੀਅ ਜਾਨ ਨਾਲ ਮਿਹਨਤ ਕਰ ਰਹੀਆਂ ਹਨ ਪਰ ਲੋਕਾਂ ਦਾ ਇਸ ਪ੍ਰਤੀ ਸਹਿਯੋਗ ਅਤੇ ਜਾਗਰੂਕ ਹੋਣਾ ਬੇਹੱਦ ਜਰੂਰੀ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਂਗੂ ਫ਼ੈਲਾਉਣ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਬਹੁਤ ਉਚਾਈ ਤਕ ਉੱਡ ਨਹੀਂ ਸਕਦਾ। ਉਨ੍ਹਾਂ ਦੱਸਿਆ ਕਿ ਇਹ ਬਰਸਾਤਾਂ ਦੇ ਦਿਨਾਂ ਵਿੱਚ ਜ਼ਿਆਦਾ ਫੈਲਦਾ ਹੈ, ਇਹੀ ਕਾਰਨ ਹੈ ਕਿ ਜੁਲਾਈ ਦਾ ਸਾਰਾ ਮਹੀਨਾ ਡੇਂਗੂ ਮਹੀਨੇ ਵਜੋਂ ਹਰ ਸਾਲ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮੱਛਰ ਦਾ ਵਾਧਾ ਅਕਤੂਬਰ ਤਕ ਜਾਰੀ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਚਾਓ ਲਈ ਅਜਿਹੇ ਕੱਪੜੇ ਪਹਿਨੇ ਜਾਣ ਜੋ ਵੱਧ ਤੋਂ ਵੱਧ ਸਰੀਰ ਨੂੰ ਢੱਕ ਸਕਣ। ਇਸ ਤੋਂ ਇਲਾਵਾ ਮੱਛਰਦਾਨੀਆਂ, ਮੱਛਰ ਭਜਾਉਣ ਵਾਲੀ ਕਰੀਮ, ਜੈੱਲ, ਆਡੋਮਾਸ, ਸਪ੍ਰੇਅ ਆਦਿ ਦੀ ਵਰਤੋਂ ਕੀਤੀ ਜਾਵੇ।