ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਸਕੂਲ ਤੋਲਾਵਾਲ ਵਿਖੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ
ਸੰਗਰੂਰ, 24 ਜੂਨ: ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਹੀਦ ਸਿਪਾਹੀ ਗੁਰਬਿੰਦਰ ਸਿੰਘ ਸਰਕਾਰੀ ਹਾਈ ਸਕੂਲ ਤੋਲਾਵਾਲ ,ਬਲਾਕ ਚੀਮਾ ਵਿਖੇ ਵਿਦਿਆਰਥੀਆਂ ਦੇ ਆਨ ਲਾਈਨ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ। ਇਹ ਜਾਣਕਾਰੀ ਸਕੂਲ ਦੇ ਮੁੱਖ ਅਧਿਆਪਕਾ ਮਨਦੀਪ ਕੌਰ ਨੇ ਦਿੱਤੀ।
ਮੁੱਖ ਅਧਿਆਪਕਾ ਮਨਦੀਪ ਕੌਰ ਨੇ ਕਿਹਾ ਕਿ ਮਿਡਲ ਵਰਗ ਦਾ ਇਹ ਮੁਕਾਬਲਾ ਜ਼ਿਲ੍ਹਾ ਸਿੱਖਿਆ ਅਫਸਰ ਮਲਕੀਤ ਸਿੰਘ ,ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਹਰਜੀਤ ਕੁਮਾਰ, ਜ਼ਿਲ੍ਹਾ ਨੋਡਲ ਅਫਸਰ ਕਿਰਨ ਬਾਲਾ ਤੇ ਬਲਾਕ ਨੋਡਲ ਅਫਸਰ ਲਵਲੀ ਜੌਹਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਵਾਇਆ ਗਿਆ।
ਉਨ੍ਹਾਂ ਕਿਹਾ ਕਿ ਇਸ ਕਵਿਤਾ ਮੁਕਾਬਲੇ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਵਿਰਸੇ ਬਾਰੇ ਵਿਦਿਆਰਥੀਆਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਅੱਠਵੀਂ ਜਮਾਤ ਦੀ ਸੁਖਪ੍ਰੀਤ ਕੌਰ ਨੇ, ਦੂਜਾ ਸਥਾਨ ਸੱਤਵੀਂ ਜਮਾਤ ਦੀ ਗਗਨਦੀਪ ਕੌਰ ਨੇ ਅਤੇ ਤੀਜਾ ਸਥਾਨ ਛੇਵੀਂ ਜਮਾਤ ਦੀ ਸਿਮਰਨਜੀਤ ਨੇ ਪ੍ਰਾਪਤ ਕੀਤਾ। ਮੁੱਖ ਅਧਿਆਪਕਾ ਨੇ ਸਕੂਲ ਸਿੱਖਿਆ ਵਿਭਾਗ ਦਾ ਧੰਨਵਾਦ ਕਰਦੇ ਹੋਏ ਆਨ ਲਾਈਨ ਵਿਦਿਆਰਥੀਆਂ ਨੂੰ ਦੱਸਿਆ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਅੰਦਰ ਨੈਤਿਕ ਗੁਣਾਂ ਦਾ ਵਿਕਾਸ ਕਰਦੇ ਹਨ । ਇਸ ਮੌਕੇ ਮਿਡਲ ਨੋਡਲ ਅਧਿਆਪਕਾ ਜਸਵਿੰਦਰ ਕੌਰ ਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਵੱਧ ਤੋਂ ਵੱਧ ਮੁਕਾਬਲਿਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ।