ਸਰਹਿੰਦ ਵਿਖੇ 20 ਲੱਖ ਦੀ ਲਾਗਤ ਨਾਲ ਬਣ ਰਿਹਾ ਸੀਨੀਅਰ ਸਿਟੀਜਨ ਹੋਮ ਛੇਤੀ ਕੀਤਾ ਜਾਵੇਗਾ ਲੋਕ ਅਰਪਣ
ਫਤਹਿਗੜ੍ਹ ਸਾਹਿਬ, 19 ਜੂਨ
ਸਰਹਿੰਦ ਮੰਡੀ ਵਿਖੇ ਲਾਇਬ੍ਰੇਰੀ ਦੇ ਬਿਲਕੁਲ ਨਾਲ 20 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਸੀਨੀਅਰ ਸਿਟੀਜ਼ਨ ਹੋਮ ਦਾ ਕੰਮ ਛੇਤੀ ਹੀ ਮੁਕੰਮਲ ਕਰ ਕੇ ਇਸ ਨੂੰ ਲੋਕ ਅਰਪਣ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਹਲਕਾ ਵਿਧਾਇਕ ਸ.ਕੁਲਜੀਤ ਸਿੰਘ ਨਾਗਰਾ ਨੇ ਸੀਨੀਅਰ ਸਿਟੀਜਨ ਹੋਮ ਦੇ ਕੰਮ ਦਾ ਜਾਇਜ਼ਾ ਲੈਣ ਮੌਕੇ ਦਿੱਤੀ।
ਸ. ਨਾਗਰਾ ਨੇ ਦੱਸਿਆ ਕਿ ਇਹ ਪ੍ਰੋਜੈਕਟ ਪੂਰਾ ਹੋਣ ਨਾਲ ਸਰਹਿੰਦ ਫਤਹਿਗੜ੍ਹ ਸਾਹਿਬ ਦੇ ਸੀਨੀਅਰ ਸਿਟੀਜ਼ਨਜ਼ ਦੀ ਚਿਰਕੋਣੀ ਮੰਗ ਪੂਰੀ ਹੋਵੇਗੀ ਅਤੇ ਉਨ੍ਹਾਂ ਨੂੰ ਇਸਦਾ ਵੱਡਾ ਲਾਭ ਹੋਵੇਗਾ।
ਇਸ ਹੋਮ ਵਿੱਚ ਇੱਕ ਵੱਡਾ ਹਾਲ, ਪਖਾਨੇ, ਬਾਥਰੂਮ ਅਤੇ ਰਸੋਈ ਤਿਆਰ ਕੀਤੀ ਜਾ ਰਹੀ ਹੈ ਅਤੇ ਸੀਨੀਅਰ ਸਿਟੀਜ਼ਨਜ ਨੂੰ ਇਨਡੋਰ ਗਮੇਜ਼ ਦੇ ਨਾਲ ਨਾਲ ਇਸ ਹੋਮ ਵਿਖੇ ਸਾਰੀਆਂ ਲੋੜੀਦੀਂਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਇੱਥੇ ਆ ਕੇ ਬਜ਼ੁਰਗ ਇੱਕ ਦੂਸਰੇ ਨੂੰ ਸਾਜ਼ਗਾਰ ਮਾਹੌਲ ਵਿੱਚ ਮਿਲ ਸਕਿਆ ਕਰਨਗੇ, ਅਖਬਾਰ ਪੜ ਸਕਿਆ ਕਰਨਗੇ ਅਤੇ ਨਾਲ ਹੀ ਲਾਇਬ੍ਰੇਰੀ ਦਾ ਭਰਪੂਰ ਲਾਹਾ ਲੈ ਸਕਣਗੇ।
ਸ. ਨਾਗਰਾ ਨੇ ਕਿਹਾ ਕਿ ਵਡੇਰੀ ਉਮਰ ਦੇ ਵਿੱਚ ਬਜ਼ੁਰਗਾਂ ਲਈ ਇੱਕ ਦੂਸਰੇ ਨਾਲ ਗੱਲਬਾਤ ਕਰਨਾ ਬਹੁਤ ਜਰੂਰੀ ਹੁੰਦਾ ਹੈ। ਗੱਲਬਾਤ ਦੀ ਅਣਹੋਂਦ ਬਜ਼ੁਰਗਾਂ ਨੂੰ ਗੰਭੀਰ ਬਿਮਾਰੀਆਂ ਵੱਲ ਲੈ ਜਾਂਦੀ ਹੈl
ਇਹ ਉਪਰਾਲਾ ਬਜ਼ੁਰਗਾਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗਾ ਅਤੇ ਸਰਹਿੰਦ ਫਤਹਿਗੜ੍ਹ ਸਾਹਿਬ ਦੇ ਵਿਕਾਸ ਲਈ ਇਸੇ ਤਰ੍ਹਾਂ ਉਪਰਾਲੇ ਲਗਾਤਾਰ ਜਾਰੀ ਰਹਿਣਗੇ।
ਹਲਕਾ ਵਿਧਾਇਕ ਸ.ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਸਰਹਿੰਦ-ਫਤਹਿਗੜ੍ਹ ਸਾਹਿਬ ਦੇ ਵਿਕਾਸ ਲਈ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਜਾ ਰਿਹਾ ਹੈ, ਜਿਸ ਤਹਿਤ ਕਰੋੜਾਂ ਰੁਪਏ ਨਾਲ ਸਰਹਿੰਦ ਫਤਹਿਗੜ੍ਹ ਸਾਹਿਬ ਦਾ ਵਿਕਾਸ ਕਰਵਾਇਆ ਗਿਆ ਹੈ ਅਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਰਹਿੰਦੇ ਵਿਕਾਸ ਕਾਰਜਾਂ ਸਬੰਧੀ ਕੰਮ ਜੰਗੀ ਪੱਧਰ ‘ਤੇ ਜਾਰੀ ਹੈ।
ਇਸ ਮੌਕੇ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਸਰਹਿੰਦ ਦੇ ਪ੍ਰਧਾਨ ਆਰ.ਐਨ.ਸ਼ਰਮਾ,ਕੌਂਸਲਰ ਨਰਿੰਦਰ ਕੁਮਾਰ ਪ੍ਰਿੰਸ, ਠੇਕੇਦਾਰ ਵਿਵੇਕ ਆਦਿ ਹਾਜ਼ਰ ਸਨ।