ਸਰਕਾਰ ਦੀ ਸਵੈ-ਰੋਜ਼ਗਾਰ ਸਕੀਮ ਸਦਕਾ ਆਪਣੇ ਪੈਰ੍ਹਾਂ ਉਤੇ ਖੜ੍ਹਾ ਹੋ ਸਕਿਆ: ਰਵਿੰਦਰ ਸਿੰਘ
ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱੲਆ ਕਰਵਾਉਣ ਲਈ ਦਿਨ ਰਾਤ ਇਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ, ਜਿਸ ਤਹਿਤ ਵੱਡੀ ਗਿਣਤੀ ਨੌਜਵਾਨਾਂ ਨੂੰ ਜਿੱਥੇ ਨੌਕਰੀਆਂ ਮੁਹੱਈਆ ਕਰਵਾਈਆਂ ਗਈਆਂ ਹਨ, ਉਥੇ ਵਿੱਡੀ ਗਿਣਤੀ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਲਈ ਮਦਦ ਵੀ ਦਿੱਤੀ ਗਈ ਤੇ ਉਨ੍ਹਾਂ ਦੇ ਸਵੈ ਰੁਜ਼ਗਾਰ ਸ਼ੁਰੂ ਵੀ ਕਰਵਾਏ ਗਏ।
ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਅਜਿਹਾ ਹੀ ਇੱਕ ਨੌਜਵਾਨ ਹੈ ਰਵਿੰਦਰ ਸਿੰਘ ਪੁੱਤਰ ਸ. ਚਰਨ ਸਿੰਘ, ਪਿੰਡ ਤੂਰਾਂ, ਅਮਲੋਹ। ਉਸ ਕੋਲ ਕੋਈ ਪੱਕਾ ਕੰਮ ਨਹੀਂ ਸੀ, ਜਿਸ ਨਾਲ ਉਸ ਦੀ ਆਰਥਿਕ ਹਾਲਤ ਵੀ ਕੋਈ ਬਹੁਤੀ ਵਧੀਆ ਨਹੀਂ ਸੀ। ਆਰਥਿਕ ਹਾਲਤ ਨੂੰ ਸਥਿਰ ਕਰਨ ਲਈ ਉਹ ਆਪਣਾ ਖੁਦ ਦਾ ਕੰਮ ਖੋਲ੍ਹਣਾ ਚਾਹੁੰਦਾ ਸੀ।
ਉਸ ਨੇ ਪਹਿਲਾਂ ਸਟੀਲ ਸ਼ਟਰਿੰਗ ਦਾ ਕੰਮ ਸ਼ੁਰੂ ਕਰਨ ਦਾ ਮਨ ਬਣਾਇਆ ਪਰ ਆਪਣਾ ਕੰਮ ਖੋਲ੍ਹਣ ਲਈ ਉਸ ਦੀ ਵਿੱਤੀ ਸਹਾਇਤਾ ਦੀ ਜ਼ਰੂਰਤ ਸੀ। ਉਸ ਨੂੰ ਕੰਮ ਲਈ ਪੈਸੇ ਦਾ ਇੰਤਜ਼ਾਮ ਕਰਨਾ ਕਾਫੀ ਮੁਸ਼ਕਿਲ ਹੋ ਰਿਹਾ ਸੀ ਜਿਸ ਲਈ ਉਸ ਨੇ ਬੈਂਕ ਤੋਂ ਲੋਨ ਲੈਣ ਬਾਰੇ ਸੋਚਿਆ। ਪਰ ਉਸ ਦੀ ਵਿੱਤੀ ਹਾਲਤ ਇੰਨੀ ਮਜ਼ਬੂਤ ਨਹੀਂ ਸੀ ਕਿ ਉਹ ਸਿੱਧੇ ਹੀ ਬੈਂਕ ਤੋਂ ਕਰਜ਼ਾ ਲੈ ਸਕੇ।
ਫਿਰ ਉਸ ਨੂੰ ਪਤਾ ਲੱਗਾ ਕਿ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਜ਼ਰੀਏ ਸਵੈ-ਰੋਜ਼ਗਾਰ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਜਿਸ ਦੇ ਤਹਿਤ ਕੋਈ ਵੀ ਸਵੈ-ਰੋਜ਼ਗਾਰ ਸ਼ੁਰੂ ਕਰਨ ਲਈ ਸਰਕਾਰ ਵੱਲੋਂ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ।
ਵਿੱਤੀ ਸਹਾਇਤਾ ਦੀ ਭਾਲ ਵਿੱਚ ਉਹ ਇੱਕ ਦਿਨ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਫਤਹਿਗੜ੍ਹ ਸਾਹਿਬ ਪੁੱਜਿਆ। ਜਿੱਥੇ ਉਸ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਵੈ-ਰੋਜ਼ਗਾਰ ਸਕੀਮਾਂ ਦੀ ਜਾਣਕਾਰੀ ਪ੍ਰਾਪਤ ਹੋਈ।
ਦਫਤਰ ਦੇ ਅਧਿਕਾਰੀਆਂ ਵੱਲੋਂ ਸਟੀਲ ਸ਼ਟਰਿੰਗ ਦੇ ਕੰਮ ਸਬੰਧੀ ਕਰਜ਼ੇ ਲਈ ਅਪਲਾਈ ਕਰਨ ਵਾਸਤੇ ਖਾਦੀ ਵਿਲੇਜ ਇੰਡਸਟਰੀ ਬੋਰਡ (ਕੇ ਵੀ ਆਈ ਬੀ )ਮੰਡੀ ਗੋਬਿੰਦਗੜ੍ਹ ਵਿਖੇ ਭੇਜਿਆ ਗਿਆ।
ਕੇ ਵੀ ਆਈ ਬੀ ਦਫਤਰ ਵੱਲੋਂ ਉਸ ਨੂੰ ਕਰਜ਼ਾ ਸਕੀਮ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਅਤੇ ਕੁਝ ਜ਼ਰੂਰੀ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ। ਉਸ ਨੇ ਜਲਦ ਹੀ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾਏ ਅਤੇ ਉਸ ਨੇ ਲਗਭਗ 9 ਲੱਖ ਰੁਪਏ ਦਾ ਕਰਜ਼ਾ ਅਪਲਾਈ ਕਰ ਦਿੱਤਾ। ਕੁਝ ਦਿਨਾਂ ਵਿੱਚ ਹੀ ਉਸ ਦਾ ਲੋਨ ਬੈਂਕ ਵੱਲੋਂ ਪਾਸ ਕਰ ਦਿੱਤਾ ਗਿਆ।
ਰਵਿੰਦਰ ਸਿੰਘ ਪੁੱਤਰ ਸ. ਚਰਨ ਸਿੰਘ ਨੇ ਦੱਸਿਆ ਕਿ ਇਸ ਉਪਰੰਤ ਉਸ ਨੇ ਸ਼ਟਰਿੰਗ ਨਾਲ ਸਬੰਧਤ ਬੱਲੀਆਂ, ਗਾਰਡਰ, ਬਾਲੇ ਅਤੇ ਫੱਟਿਆਂ ਆਦਿ ਦੀ ਖਰੀਦ ਕਰਕੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਜਿਸ ਉਪਰੰਤ ਹੌਲੀ-ਹੌਲੀ ਉਸ ਦਾ ਕੰਮ ਚੱਲ ਪਿਆ ਅਤੇ ਆਮਦਨ ਦਾ ਵਧੀਆ ਸਾਧਨ ਵੀ ਬਣ ਗਿਆ। ਇਸ ਕੰਮ ਤੋਂ ਹੋ ਰਹੀ ਆਮਦਨ ਤੋਂ ਉਹ ਆਪਣਾ ਘਰ ਵੀ ਵਧੀਆ ਤਰੀਕੇ ਨਾਲ ਚਲਾ ਪਾ ਰਿਹਾ ਹੈ ਅਤੇ ਬੈਂਕ ਦੀ ਕਿਸ਼ਤ ਵੀ ਸਮੇਂ ਸਿਰ ਅਦਾ ਕਰ ਰਿਹਾ ਹੈ।
ਸਰਕਾਰ ਵੱਲੋਂ ਮਿਲੀ ਇਸ ਵਿੱਤੀ ਸਹਾਇਤਾ ਤੋਂ ਉਸ ਨੂੰ ਬਹੁਤ ਲਾਭ ਹੋਇਆ ਅਤੇ ਉਹ ਆਪਣੇ ਪੈਰ੍ਹਾਂ ਤੇ ਖੜਾ ਹੋ ਸਕਿਆ। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰਾਹੀਂ ਸਰਕਾਰ ਦੀਆਂ ਸਵੈ-ਰੋਜ਼ਗਾਰ ਸਕੀਮਾਂ ਦੇ ਕੀਤੇ ਗਏ ਪ੍ਰਚਾਰ ਸਦਕਾ ਬਹੁਤ ਸਾਰੇ ਲੋੜਵੰਦ ਵਿਅਕਤੀਆਂ ਨੂੰ ਫਾਇਦਾ ਪਹੁੰਚਾਇਆ ਹੈ।
ਸਵੈ-ਰੋਜ਼ਗਾਰ ਦੇ ਚਾਹਵਾਨ ਪ੍ਰਾਰਥੀਆਂ ਨੂੰ ਉਸ ਨੇ ਅਪੀਲ ਕੀਤੀ ਕਿ ਉਹ ਵੀ ਸਵੈ-ਰੋਜ਼ਗਾਰ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਨਾਲ ਜੁੜਨ ਅਤੇ ਸਰਕਾਰ ਦੀਆਂ ਸਕੀਮਾਂ ਦਾ ਲਾਭ ਉਠਾਉਣ