ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਣਿਆ ਜਿਲ੍ਹੇ ਦਾ ਸਰਵੋਤਮ ਸੈਕੰਡਰੀ ਸਕੂਲ
ਪਟਿਆਲਾ 3 ਜੂਨ:
ਪੰਜਾਬ ਸਰਕਾਰ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਰਾਜ ਦੇ ਸਰਕਾਰੀ ਸਕੂਲਾਂ ਦੀ ਕੀਤੀ ਗਈ ਦਰਜਾਬੰਦੀ ਤਹਿਤ ਪਟਿਆਲਾ ਜਿਲ੍ਹੇ ਦੇ ਸੀਨੀਅਰ ਸੈਕੰਡਰੀ ਸਕੂਲਾਂ ‘ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਪਟਿਆਲਾ ਨੇ ਅੱਵਲ ਸਥਾਨ ਹਾਸਿਲ ਕਰਕੇ, 10 ਲੱਖ ਰੁਪਏ ਦੀ ਇਨਾਮੀ ਰਾਸ਼ੀ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ।
ਦੱਸਣਯੋਗ ਹੈ ਕਿ ਪਿਛਲੇ ਵਰ੍ਹੇ ਇਸ ਸਕੂਲ ਨੇ ਪੰਜਾਬ ਦਾ ਸਰਵੋਤਮ ਸਰਕਾਰੀ ਸਕੂਲ ਬਣਨ ਦਾ ਮਾਣ ਵੀ ਪ੍ਰਾਪਤ ਕੀਤਾ ਸੀ। ਮਿਹਨਤੀ ਤੇ ਸਿਰੜੀ ਪ੍ਰਿੰ. ਬਲਵੀਰ ਸਿੰਘ ਜੌੜਾ ਦੀ ਅਗਵਾਈ ‘ਚ ਸਰਕਾਰੀ ਕੰਨਿਆ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਦਾ ਇਸੇ ਸੈਸ਼ਨ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਵਜੋਂ ਨਾਮਕਰਨ ਕੀਤਾ ਗਿਆ ਹੈ। ਉੱਨੀ ਸੌ ਬਵੰਜਾ ਵਿੱਚ ਸਥਾਪਤ ਇਸ ਸਕੂਲ ਦੀ ਜਦੋਂ ਪ੍ਰਿੰ ਜੌੜਾ ਨੇ ਕਮਾਂਡ ਸੰਭਾਲੀ ਸੀ ਤਾਂ ਇੱਥੇ ਵਿਦਿਆਰਥੀ ਦੀ ਗਿਣਤੀ 1300 ਸੀ ਹੁਣ ਇੱਥੇ 2362 ਬੱਚੇ ਪੜ੍ਹ ਰਹੇ ਹਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਸਕੂਲ ‘ਚ 26 ਕਮਰੇ ਸਨ ਜੋ ਅੱਜ 43 ਕਮਰਿਆਂ ਦੀ ਵਿਸ਼ਾਲ ਇਮਾਰਤ ਬਣ ਗਈ ਹੈ।
ਸਮਾਰਟ ਕਲਾਸਰੂਮ, ਆਧੁਨਿਕ ਸਹੂਲਤਾਂ ਨਾਲ ਲੈਸ ਪ੍ਰਯੋਗਸ਼ਾਲਾਵਾਂ, ਆਧੁਨਿਕ ਲਾਇਬਰੇਰੀ, ਸਾਫ਼ ਪੀਣ ਦੇ ਪਾਣੀ ਦਾ ਪ੍ਰਬੰਧ, ਛੇ ਵਾਟਰ ਕੂਲਰ, ਸਾਫ਼ ਸੁਥਰੇ ਪਖਾਨੇ (ਵੈਂਡਿੰਗ ਤੇ ਇੰਸੀਨੇਟਰ ਮਸ਼ੀਨਾਂ ਵਾਲੇ), ਖੂਬਸੂਰਤ ਵਿੱਦਿਅਕ ਪਾਰਕ ਤੇ ਉੱਚ ਦਰਜੇ ਦਾ ਬਾਲਾ ਵਰਕ ਸਕੂਲ ਦੇ ਮਿਆਰ ਦੀ ਹਾਮੀ ਭਰਦੇ ਹਨ। ਇਹ ਸਕੂਲ ਹਰ ਸਾਲ ਆਪਣਾ ਕੈਲੰਡਰ, ਪ੍ਰਾਸਪੈਕਟਸ, ਬਰੋਸ਼ਰ ਤੇ ਡਾਇਰੀ ਤਿਆਰ ਕਰਦਾ ਹੈ।ਇਲਾਕਾ ਨਿਵਾਸੀਆਂ ਦੀ ਮੰਗ ਨੂੰ ਦੇਖਦੇ ਹੋਏ ਸਕੂਲ ਵਿਚ 2018 ‘ਚ ਪ੍ਰਾਇਮਰੀ ਸਿੱਖਿਆ ਸ਼ੁਰੂ ਕੀਤੀ ਗਈ ਪਟਿਆਲਾ ਦੇ ਬਲਾਕ ਤਿੰਨ ਦੇ ਵਿੱਚ ਇਹ ਇੱਕੋ ਇੱਕ ਸਕੂਲ ਹੈ ਜਿਸ ਵਿੱਚ ਸਭ ਤੋਂ ਵੱਧ ਗਿਣਤੀ ਵਿਚ ਪ੍ਰਾਇਮਰੀ ਵਿੰਗ ਦੇ ਵਿਦਿਆਰਥੀ ਹਨ। ਸਕੂਲ ਵਿੱਚ 2014 ਤੋਂ ਹੀ ਅੰਗਰੇਜ਼ੀ ਮਾਧਿਅਮ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ। ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤਾਂ ਲਈ ਪੰਦਰਾਂ ਵਿਸ਼ੇ ਆਰਟਸ ਦੇ ਵਿੱਚ ਹਨ ਅਤੇ ਚਾਰ ਵੋਕੇਸ਼ਨਲ ਟਰੇਡਜ਼ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਸ ਸਕੂਲ ਦੇ ਸਭ ਤੋਂ ਵੱਧ ਬੱਚੇ ਨੱਬੇ ਪ੍ਰਤੀਸ਼ਤ ਤੋਂ ਵੱਧ ਅੰਕ ਲੈ ਕੇ ਬੋਰਡ ਦੀਆਂ ਜਮਾਤਾਂ ਵਿੱਚ ਪਾਸ ਹੋਏ ਹਨ। ਦਸਵੀਂ ਅਤੇ ਬਾਰ੍ਹਵੀਂ ਦੀ ਬੋਰਡ ਦੇ ਨਤੀਜੇ ਹਮੇਸ਼ਾ ਹੀ ਸੌ ਪ੍ਰਤੀਸ਼ਤ ਰਹੇ ਹਨ ਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਮੈਰਿਟ ਪੁਜ਼ੀਸ਼ਨਾਂ ਹਾਸਿਲ ਕਰਦੇ ਹਨ। ਇਸ ਸਕੂਲ ਦੀ ਇਕ ਵਿਦਿਆਰਥਣ ਨੇ ਪੂਰੇ ਪੰਜਾਬ ਦੇ ਵਿੱਚ ਵੋਕੇਸ਼ਨਲ ਟਰੇਡ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਦਾ ਮਾਣ ਹਾਸਲ ਕੀਤਾ ਜਿਸ ਨੂੰ ਕਿ ਪੰਜਾਬ ਸਰਕਾਰ ਵੱਲੋਂ ਇੱਕ ਲੱਖ ਰੁਪਿਆ ਇਨਾਮ ਵੀ ਦਿੱਤਾ ਗਿਆ। ਆਪਣੇ ਬਲਾਕ ਵਿੱਚੋਂ ਇੰਗਲਿਸ਼ ਬੂਸਟਰ ਕਲੱਬ ਦੀ ਪ੍ਰਤੀਯੋਗਤਾ ਵਿਚ ਵਿਦਿਆਰਥੀ ਹਮੇਸ਼ਾ ਹੀ ਪਹਿਲਾ ਸਥਾਨ ਹਾਸਲ ਕਰਦੇ ਹਨ।ਸਾਰੇ ਸਕੂਲ ਦੇ ਵਿਚ ਐਚਡੀ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ।ਬਾਰਿਸ਼ ਦੇ ਪਾਣੀ ਨੂੰ ਬਚਾਉਣ ਲਈ ਸਕੂਲ ਦੇ ਵਿਚ ਰੇਨ ਹਾਰਵੈਸਟਿੰਗ ਪਲਾਂਟ ਲੱਗਾ ਹੋਇਆ ਹੈ।ਸਕੂਲ ਵਿੱਚ ਲੱਗੇ ਪੌਦਿਆਂ ਵਾਸਤੇ ਵਰਮੀ ਕੰਪੋਸਟ ਦੀ ਤਿਆਰ ਕੀਤੀ ਜਾਂਦੀ ਹੈ।
ਐੱਨਐੱਮਐੱਮਐੱਸ ਦੀ ਵਿਚ ਇਸ ਸਕੂਲ ਦੇ ਵਿਦਿਆਰਥੀ ਲਗਾਤਾਰ ਪਟਿਆਲਾ ਵਿਚ ਸਭ ਤੋਂ ਵੱਧ ਗਿਣਤੀ ਵਿੱਚ ਪਾਸ ਹੋਏ ਹਨ ਅਤੇ ਉਹਨਾਂ ਨੇ ਵਜ਼ੀਫਾ ਪ੍ਰਾਪਤ ਕੀਤਾ ਹੈ। ਵਿਗਿਆਨ ਪ੍ਰਦਰਸ਼ਨੀ ਵਿੱਚ ਵੀ ਸਟੇਟ ਪੱਧਰ ਤੇ ਸਕੂਲ ਦੇ ਵਿਦਿਆਰਥੀਆਂ ਨੇ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਸਕੂਲ ਦਾ ਸਾਲਾਨਾ ਪ੍ਰੋਗਰਾਮ ਤੇ ਅਥਲੈਟਿਕ ਮੀਤ ਹਮੇਸ਼ਾ ਹੀ ਸਟੇਟ ਪੱਧਰ ਦਾ ਕਰਵਾਇਆ ਗਿਆ ਹੈ।ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਸਕੂਲ ਵਿੱਚ ਬਾਸਕਟਬਾਲ ਦਾ ਗਰਾਊਂਡ ਅਤੇ ਸ਼ੈੱਡ ਬਣਾਉਣ ਲਈ ਅਠਾਰਾਂ ਲੱਖ ਰੁਪਏ ਦਿੱਤੇ ਹਨ।ਖੇਡਾਂ ਵਿਚ ਇਸ ਸਕੂਲ ਦੇ ਵਿਦਿਆਰਥੀ ਸਟੇਟ ਪੱਧਰ ਤੇ ਅਤੇ ਰਾਸ਼ਟਰੀ ਪੱਧਰ ਤੇ ਮਾਣ ਹਾਸਲ ਕਰਦੇ ਰਹੇ ਹਨ। ਇਸ ਸਕੂਲ ਦੇ ਅਧਿਆਪਕਾਂ ਨੇ ਪਿਛਲੇ ਪੰਜ ਸਾਲਾਂ ਵਿਚ ਦੋ ਸਟੇਟ ਐਵਾਰਡ ਤੇ ਇਕ ਮਾਲਤੀ ਗਿਆਨਪੀਠ ਰਾਸ਼ਟਰੀ ਐਵਾਰਡ ਹਾਸਲ ਕੀਤਾ ਹੈ।
ਸਿੱਖਿਆ ਦੇ ਮਿਆਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਕੂਲ ਦੇ ਹਰ ਇਕ ਅਧਿਆਪਕ ਨੂੰ ਮਾਣਯੋਗ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਪ੍ਰਸ਼ੰਸਾ ਪੱਤਰ ਪ੍ਰਾਪਤ ਹੋਇਆ ਹੈ। ਇਸ ਸਕੂਲ ‘ਚ ਗਰਮੀ ਦੀਆਂ ਛੁੱਟੀਆਂ ਵਿੱਚ ਹਰ ਸਾਲ ਹੀ ਸਮਰ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਵਿਚ ਵਿਦਿਆਰਥੀਆਂ ਨੂੰ ਕ੍ਰਿਆਤਮਕ ਰੁਚੀਆਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਕੋਰੋਨਾ ਕਾਲ ਦੇ ਦੌਰਾਨ ਆਨਲਾਈਨ ਮੁਕਾਬਲਿਆਂ ਵਿੱਚ ਇਸ ਸਕੂਲ ਨੇ ਹਰ ਮੁਕਾਬਲੇ ਵਿੱਚ ਭਾਗ ਲਿਆ ਅਤੇ ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਗਾਇਨ ਅਤੇ ਕਲਾ ਦੇ ਖੇਤਰ ਵਿੱਚ ਵੀਹ ਵਿਦਿਆਰਥੀਆਂ ਨੇ ਸਟੇਟ ਪੱਧਰ ਤੇ ਪੁਜ਼ੀਸ਼ਨਾਂ ਹਾਸਲ ਕੀਤੀਆਂ। ਸਕੂਲ ਦੇ ਵਿਦਿਆਰਥੀ ਅਧਿਆਪਕ ਹਰ ਸਾਲ ਪੰਜਾਹ ਹਜ਼ਾਰ ਰੁਪਏ ਬੱਚਿਆਂ ਦੀਆਂ ਫੀਸਾਂ ਅਤੇ ਉਨ੍ਹਾਂ ਦੀ ਭਲਾਈ ਵਾਸਤੇ ਦਾਨ ਕਰਦੇ ਹਨ। ਸਮਾਜ ਦੇ ਪਤਵੰਤੇ ਤੇ ਦਾਨੀ ਸੱਜਣਾਂ ਵੱਲੋਂ ਅਤੇ ਸਕੂਲ ਸਟਾਫ਼਼ ਦੀ ਮਦਦ ਨਾਲ ਸਕੂਲ ਨੂੰ 25 ਲੱਖ ਦੇ ਕਰੀਬ ਡੋਨੇਸ਼ਨ ਮਿਲੀ ਹੈ। ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਹਰਿੰਦਰ ਕੌਰ ਤੇ ਡਿਪਟੀ ਡੀ.ਈ.ਓ. (ਸੈ.ਸਿੱ.) ਸੁਖਵਿੰਦਰ ਖੋਸਲਾ ਨੇ ਪ੍ਰਿੰ. ਬਲਵੀਰ ਸਿੰਘ ਜੌੜਾ ਤੇ ਸਮੁੱਚੇ ਸਟਾਫ ਨੂੰ ਉਕਤ ਪ੍ਰਾਪਤੀ ‘ਤੇ ਵਧਾਈ ਦਿੱਤੀ ਹੈ।