ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਖੇਪਲ ਵਿਖੇ ਸਲੋਗਨ ਲਿਖਣ ਮੁਕਾਬਲਾ ਕਰਵਾਇਆ
ਸੰਗਰੂਰ, 9 ਜੁਲਾਈ 2021 : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਖੇਪਲ ਵਿਖੇ ਸਲੋਗਨ ਲਿਖਣ ਮੁਕਾਬਲਾ ਕਰਵਾਇਆ ਗਿਆ। ਇਹ ਜਾਣਕਾਰੀ ਪਿ੍ਰੰਸੀਪਲ ਬਲਜੀਤ ਸਿੰਘ ਨੇ ਦਿੱਤੀ।
ਪਿ੍ਰੰਸੀਪਲ ਬਲਜੀਤ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਕੁਰਬਾਨੀ ਤੋਂ ਸਿੱਖਿਆ ਲੈ ਕੇ ਮਨੁੱਖਤਾ ਦੀ ਭਲਾਈ ਲਈ ਯਤਨਸ਼ੀਲ ਰਹਿਣਾ ਚਾਹੀਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਵਿਰਸੇ ਨਾਲ ਜੋੜਨ ’ਚ ਵੀ ਸਹਾਈ ਹੁੰਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਲੋਗਨ ਲਿਖਣ ਮੁਕਾਬਲੇ ਵਿੱਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ ਵੱਧ ਚੜ੍ਹ ਕੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਅਤੇ ਫਲਸਫੇ ਨਾਲ ਸਬੰਧਤ ਬੜੇ ਹੀ ਖੂਬਸੂਰਤ ਢੰਗ ਨਾਲ ਸਲੋਗਨ ਲਿਖੇ ਅਤੇ ਰੰਗਾਂ ਨਾਲ ਸਜਾਏ। ਉਨ੍ਹਾਂ ਦੱਸਿਆ ਕਿ ਸਲੋਗਨ ਲਿਖਣ ਮੁਕਾਬਲੇ ਵਿੱਚ ਸੈਕੰਡਰੀ ਪੱਧਰ ’ਤੇ ਬਾਰ੍ਹਵੀਂ ਜਮਾਤ ਦੇ ਰਾਹੁਲ ਸਿੰਘ ਨੇ ਪਹਿਲਾ, ਗਿਆਰਵੀਂ ਜਮਾਤ ਦੇ ਮੁਮਤਾਜ ਖਾਨ ਨੇ ਦੂਜਾ ਅਤੇ ਕਮਲਦੀਪ ਸਿੰਘ ਜਮਾਤ ਬਾਰ੍ਹਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਨੋਡਲ ਅਧਿਆਪਕ ਸ਼੍ਰੀ ਪਿ੍ਰਤਪਾਲ ਸਿੰਘ, ਟੀਮ ਇੰਚਾਰਜ ਸ੍ਰੀਮਤੀ ਹਰਦੀਪ ਕੌਰ ਅਤੇ ਸਹਿਯੋਗੀ ਅਧਿਆਪਕ ਸ੍ਰੀਮਤੀ ਸੋਨੀਆ ਪਾਹਵਾ, ਸ੍ਰੀਮਤੀ ਨਿਸਾ ਸਿੰਗਲਾ, ਸ੍ਰੀਮਤੀ ਗੁਰਮੀਤ ਕੌਰ ਅਤੇ ਸ੍ਰੀਮਤੀ ਭਾਵਨਾ ਸਿੰਗਲਾ ਵੀ ਹਾਜ਼ਰ ਸਨ।