ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 24134 ਬੱਚਿਆਂ ਦੀ ਵਰਦੀਆਂ ਲਈ 1 ਕਰੋੜ 44 ਲੱਖ 80 ਹਜਾਰ 400 ਰੁਪਏ ਜਾਰੀ।
ਪਠਾਨਕੋਟ: 16 ਜੂਨ 2021 ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਨੇ ਦੱਸਿਆ ਕਿ ਅਕਾਦਮਿਕ ਸੈਸ਼ਨ 2021-22 ਲਈ ਜਿਲ੍ਹਾ ਪਠਾਨਕੋਟ ਦੇ ਸਰਕਾਰੀ ਸਕੂਲਾਂ ਦੇ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਪੜ੍ਹਦੇ 24134 ਵਿਦਿਆਰਥੀਆਂ ਨੂੰ ਉਨਾਂ ਦੇ ਘਰਾਂ ਵਿੱਚ ਹੀ ਮੁਫਤ ਵਰਦੀਆਂ ਉਪਲਬਧ ਕਰਵਾਈਆਂ ਜਾਣਗੀਆਂ ਅਤੇ ਇਸ ਸਬੰਧੀ ਦਫਤਰ ਵਲੋਂ 144.804 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਗਈ ਹੈ।
ਜਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਲੋੜੀਂਦੀ ਗ੍ਰਾਂਟ ਜਾਰੀ ਕਰਨ ਉਪਰੰਤ ਸਾਰੇ ਸਕੂਲ ਮੁਖੀਆਂ ਨੂੰ ਵਰਦੀਆਂ ਦੇ ਢੁਕਵੇਂ ਪ੍ਰਬੰਧ ਕਰਨ ਲਈ ਵਿਸਥਾਰਤ ਨਿਰਦੇਸ਼ ਵੀ ਜਾਰੀ ਕਰਦੇ ਹੋਏ ਵਰਦੀਆਂ ਦੀ ਖਰੀਦ ਨਿਰਧਾਰਿਤ ਮਾਪਦੰਡਾਂ ਅਨੁਸਾਰ ਕਰਨ ਲਈ ਕਿਹਾ ਗਿਆ ਹੈ। ਇਸਦੇ ਨਾਲ ਹੀ ਵਿਦਿਆਰਥੀਆਂ ਨੂੰ ਵਰਦੀਆਂ ਦੀ ਵੰਡ ਦੌਰਾਨ ਕੋਵਿਡ ਪ੍ਰੋਟੋਕੋਲ ਦੀ ਇੰਨ-ਬਿੰਨ ਪਾਲਣਾ ਕਰਨ ਲਈ ਵੀ ਕਿਹਾ ਗਿਆ ਹੈ ਅਤੇ ਉਨਾਂ ਕਿਹਾ ਕਿ ਵਰਦੀਆਂ ਦੀ ਖਰੀਦ ਲਈ ਇਹ ਫੰਡ ਜਲਿ੍ਹਾ ਪੱਧਰ ਤੋਂ ਸਿੱਧੇ ਸਕੂਲ ਪ੍ਰਬੰਧਨ ਕਮੇਟੀਆਂ (ਐਸ.ਐਮ.ਸੀ.) ਦੇ ਖਾਤੇ ਵਿੱਚ ਪਾਏ ਗਏ ਹਨ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਿੱਖਿਆ ਵਿਭਾਗ ਲਗਾਤਾਰ ਸਾਵਧਾਨੀਆਂ ਵਰਤ ਰਿਹਾ ਹੈ। ਉਹਨਾਂ ਦੱਸਿਆ ਕਿ ਘਰਾਂ ਤੱਕ ਵਰਦੀ ਮੁਹੱਈਆ ਕਰਵਾਉਣ ਤੋਂ ਇਲਾਵਾ ਕਿਸੇ ਵੀ ਵਿਦਿਆਰਥੀ ਨੂੰ ਵਰਦੀ ਦਾ ਮੇਚਾ (ਨਾਪ) ਦੇਣ ਲਈ ਸਕੂਲ ਨਹੀਂ ਬੁਲਾਇਆ ਜਾਵੇਗਾ। ਸਗੋਂ ਸਟਾਫ ਮਾਪਿਆਂ ਤੋਂ ਸਬੰਧਤ ਵਿਦਿਆਰਥੀ ਦਾ ਨਾਪ ਪ੍ਰਾਪਤ ਕਰੇਗਾ ਅਤੇ ਦਿੱਤੇ ਨਾਪ ਅਨੁਸਾਰ ਮੁਫਤ ਵਰਦੀਆਂ ਪ੍ਰਦਾਨ ਕਰਵਾਈਆਂ ਜਾਣਗੀਆਂ।
ਉਹਨਾਂ ਅੱਗੇ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਐਸ.ਐਮ.ਸੀਜ਼. ਨੂੰ ਹਰੇਕ ਵਿਦਿਆਰਥੀ ਦੀ ਨਿੱਜੀ ਸੁਰੱਖਿਆ ਲਈ ਉਹਨਾਂ ਨੂੰ ਦੋ-ਦੋ ਮਾਸਕ ਮੁਹੱਈਆ ਕਰਵਾਉਣ ਲਈ ਵੀ ਕਿਹਾ ਗਿਆ ਹੈ।
ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਸਿਰ ਵਰਦੀਆਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਗ੍ਰਾਂਟ ਜਾਰੀ ਕਰਦੇ ਹੋਏ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨਾਂ ਜਮਾਤਾਂ ਵਿੱਚ ਪੜਨ ਵਾਲੀਆਂ ਸਾਰੀਆਂ ਲੜਕੀਆਂ ਅਤੇ ਐਸ.ਸੀ./ ਐਸ.ਟੀ./ ਬੀ ਪੀ. ਐਲ. ਵਰਗ ਦੇ ਲੜਕਿਆਂ ਨੂੰ 600 ਰੁਪਏ ਪ੍ਰਤੀ ਵਰਦੀ ਦੀ ਲਾਗਤ ਨਾਲ ਮੁਫਤ ਵਰਦੀਆਂ ਦਿੱਤੀਆਂ ਜਾਣਗੀਆਂ। ਉਨਾਂ ਕਿਹਾ ਕਿ ਕੁੱਲ 24134 ਵਿਦਿਆਰਥੀਆਂ ਵਿੱਚੋਂ 13631 ਲੜਕੀਆਂ ਹਨ ਜਦ ਕਿ 8144 ਅਨੁਸੂਚਿਤ ਜਾਤੀ ਦੇ ਲੜਕੇ ਅਤੇ 2359 ਬੀ.ਪੀ.ਐਲ. ਵਰਗ ਦੇ ਲੜਕੇ ਸ਼ਾਮਲ ਹਨ।
ਇਸ ਮੌਕੇ ਤੇ ਏਪੀਸੀ ਜਰਨਲ ਮਲਕੀਤ ਸਿੰਘ, ਜਿਲ੍ਹਾ ਲੇਖਾਕਾਰ ਸੁਮਿਤ ਰਾਜ, ਜਿਲ੍ਹਾ ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ ਆਦਿ ਹਾਜਰ ਸਨ।