ਸਰਕਾਰੀ ਵਿਭਾਗ ਆਪਣੀ ਵੈਬਸਾਈਟਾਂ ’ਤੇ ਵਿਭਾਗ ਦੀ ਜਾਣਕਾਰੀ ਰੱਖਣ ਅਪਡੇਟ : ਖੁਸ਼ਵੰਤ ਸਿੰਘ
ਹੁਸ਼ਿਆਰਪੁਰ, 16 ਜੁਲਾਈ 2021 : ਰਾਜ ਸੂਚਨਾ ਕਮਿਸ਼ਨਰ ਖੁਸ਼ਵੰਤ ਸਿੰਘ ਵਲੋਂ ਅੱਜ ਜ਼ਿਲ੍ਹੇ ਦੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਆਰ.ਟੀ.ਆਈ. ਐਕਟ ਤਹਿਤ ਪ੍ਰੋ-ਐਕਟਿਵ ਡਿਸਕਲੋਜ਼ਰ ਆਫ਼ ਇਨਫਾਰਮੇਸ਼ਨ ਵਿਸ਼ੇ ’ਤੇ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਆਸ਼ਿਕਾ ਜੈਨ ਵੀ ਮੌਜੂਦ ਸਨ। ਸੂਚਨਾ ਕਮਿਸ਼ਨਰ ਨੇ ਇਸ ਦੌਰਾਨ ਵਿਭਾਗਾਂ ਦੇ ਪਬਲਿਕ ਇਨਫਾਰਮੇਸ਼ਨ ਅਫ਼ਸਰ (ਪੀ.ਆਈ.ਓ.) ਨੂੰ ਆਰ.ਟੀ.ਆਈ. ਐਕਟ 2005 ਤਹਿਤ ਨਿਸ਼ਚਿਤ ਸਮੇਂ ਵਿਚ ਸੂਚਨਾ ਦੇਣ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਕਿਹਾ ਕਿ ਸਿਰਫ ਸੂਚਨਾ ਦੇ ਅਧਿਕਾਰ ਤਹਿਤ ਹੀ ਨਹੀਂ ਬਲਕਿ ਸਰਵਜਨਕ ਅਥਾਰਟੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਨਾਲ ਜੁੜੀਆਂ ਜਾਣਕਾਰੀਆਂ ਲੋਕਾਂ ਅਤੇ ਜਨਤਾ ਸਾਹਮਣੇ ਰੱਖਣ। ਇਸ ਲਈ ਸਰਕਾਰੀ ਵਿਭਾਗ ਆਪਣੀ ਵੈਬਸਾਈਟ ’ਤੇ ਆਪਣੇ ਵਿਭਾਗ ਸਬੰਧੀ ਜਾਣਕਾਰੀ ਜ਼ਰੂਰ ਪਾਉਣ, ਇਸ ਤਰ੍ਹਾਂ ਕਰਨ ਨਾਲ ਲੋਕਾਂ ਤੱਕ ਵਿਭਾਗ ਦੀ ਪੂਰੀ ਜਾਣਕਾਰੀ ਪਹੁੰਚ ਜਾਂਦੀ ਹੈ ਅਤੇ ਆਰ.ਟੀ.ਆਈ.ਐਕਟ ਤਹਿਤ ਬਿਨੈਪੱਤਰਾਂ ਵਿੱਚ ਵੀ ਕਮੀ ਆਉਂਦੀ ਹੈ, ਜਿਸ ਨਾਲ ਸਮੇਂ ਅਤੇ ਪੈਸੇ ਦੋਨਾਂ ਦੀ ਬੱਚਤ ਹੁੰਦੀ ਹੈ।
ਰਾਜ ਸੂਚਨਾ ਕਮਿਸ਼ਨਰ ਨੇ ਇਸ ਦੌਰਾਨ ਦੱਸਿਆ ਕਿ ਆਰ.ਟੀ.ਆਈ. ਐਕਟ ਤਹਿਤ ਸੂਚਨਾ ਦੇਣ ਦੀ ਪੂਰੀ ਜਿੰਮੇਵਾਰੀ ਸਬੰਧਤ ਵਿਭਾਗ ਦੇ ਪਬਲਿਕ ਇਨਫਾਰਮੇਸ਼ਨ ਅਫ਼ਸਰ ਦੀ ਹੁੰਦੀ ਹੈ, ਇਸ ਲਈ ਇਸ ਨੂੰ ਲੈ ਕੇ ਪੀ.ਆਈ.ਓ. ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਨਾ ਵਰਤਣ। ਇਸ ਦੌਰਾਨ ਉਨ੍ਹਾਂ ਨੇ ਸੈਕਸ਼ਨ 4 ਨੂੰ ਲਾਗੂ ਕਰਨ ਸਬੰਧੀ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਪੀ.ਆਈ.ਓਜ਼ ਵਲੋਂ ਕੀਤੀਆਂ ਸ਼ੰਕਿਆਂ ਦਾ ਵੀ ਨਿਵਾਰਨ ਕੀਤਾ। ਅੰਤ ਵਿਚ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਾਜ ਸੂਚਨਾ ਕਮਿਸ਼ਨਰ ਖੁਸ਼ਵੰਤ ਸਿੰਘ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਦਿੱਤੀ ਗਈ ਜਾਣਕਾਰੀ ਨਾਲ ਅਧਿਕਾਰੀਆਂ ਦੀ ਆਰ.ਟੀ.ਆਈ. ਸਬੰਧੀ ਕਈ ਸ਼ੰਕਿਆਂ ਦਾ ਨਿਵਾਰਨ ਹੋਇਆ ਹੈ ਅਤੇ ਉਨ੍ਹਾਂ ਦੀ ਜਾਣਕਾਰੀ ਵਿਚ ਵੀ ਵਾਧਾ ਹੋਇਆ ਹੈ। ਇਸ ਮੌਕੇ ਸਹਾਇਕ ਕਮਿਸ਼ਨਰ (ਜ) ਕਿਰਪਾਲ ਵੀਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।