ਸਰਕਾਰੀ ਦਫ਼ਤਰਾਂ ਅਤੇ ਬੈਂਕਾਂ ’ਚ ਸੀਨੀਅਰ ਸਿਟੀਜਨਸ ਨੂੰ ਬੁਨਿਆਦੀ ਸੁਵਿਧਾਵਾਂ ਦੇਣ ’ਚ ਲਾਪ੍ਰਵਾਹੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ : ਕਿਰਪਾਲਪੀਰ ਸਿੰਘ
ਹੁਸ਼ਿਆਰਪੁਰ, 07 ਜੁਲਾਈ 2021 : ਸਹਾਇਕ ਕਮਿਸ਼ਨਰ (ਜ) ਕਿਰਪਾਲਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸੀਨੀਅਰ ਸਿਟੀਜਨਸ ਨੂੰ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਦੇਣ ਦੇ ਲਈ ਵਚਨਬੱਧ ਹੈ। ਇਸ ਲਈ ਸੀਨੀਅਰ ਸਿਟੀਜਨਸ ਨੂੰ ਸਰਕਾਰੀ ਦਫ਼ਤਰਾਂ, ਬੈਂਕਾਂ ਅਤੇ ਹੋਰ ਸੰਸਥਾਵਾਂ ਵਿੱਚ ਬਿਨ੍ਹਾਂ ਕਿਸੇ ਦਿੱਕਤ ਦੇ ਬੁਨਿਆਦੀ ਸੁਵਿਧਾਵਾਂ ਦੇਣ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹ ਅੱਜ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੇ ਨਿਰਦੇਸ਼ਾਂ ਅਨੁਸਾਰ ਸੀਨੀਅਰ ਸਿਟੀਜਨਸ ਨੂੰ ਸੁਵਿਧਾ ਦੇਣ ਸਬੰਧੀ ਜ਼ਿਲ੍ਹਾ ਪੱਧਰੀ ਕਮੇਟੀ ਦੀ 2021-22 ਦੀ ਪਹਿਲੀ ਤਿਮਾਹੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗ ਪਹਿਲ ਦੇ ਆਧਾਰ ’ਤੇ ਸੀਨੀਅਰ ਸਿਟੀਜਨਸ ਦਾ ਕੰਮ ਕਰਨ।
ਸਹਾਇਕ ਕਮਿਸ਼ਨਰ ਨੇ ਮੀਟਿੰਗ ਦੇ ਦੌਰਾਨ ਸੀਨੀਅਰ ਸਿਟੀਜਨ ਨੂੰ ਸੁਰੱਖਿਆ, ਸਿਹਤ ਸੁਵਿਧਾਵਾਂ, ਬੈਂਕਾਂ ਅਤੇ ਹੋਰ ਦਫ਼ਤਰਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ’ਤੇ ਚਰਚਾ ਕੀਤੀ ਅਤੇ ਡਾਕਘਰ, ਬੈਂਕਾਂ, ਹਸਪਤਾਲਾਂ ਅਤੇ ਹੋਰ ਸਾਰੀਆਂ ਸਰਕਾਰੀ ਸੰਸਥਾਵਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਯਕੀਨੀ ਬਣਾਉਣ ਕਿ ਉਨ੍ਹਾਂ ਦੀ ਸੰਸਥਾ ਵਿੱਚ ਕਿਸੇ ਵੀ ਸੀਨੀਅਰ ਸਿਟੀਜਨ ਨੂੰ ਆਪਣੇ ਦਫ਼ਤਰ ਦੇ ਲਈ ਮੁਸ਼ਕਿਲ ਦਾ ਸਾਹਮਨਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਸੀਨੀਅਰ ਸਿਟੀਜਨਸ ਨੂੰ ਪਹਿਲ ਦੇ ਆਧਾਰ ’ਤੇ ਸੁਵਿਧਾਵਾਂ ਦੇਣ ਦੇ ਲਈ ਕਿਸੇ ਵੀ ਵਿਭਾਗ ਅਤੇ ਸੰਸਥਾ ਨੂੰ ਵੱਖਰੇ ਤੌਰ ’ਤੇ ਨਿਰਦੇਸ਼ ਦੇਣ ਦੀ ਲੋੜ ਨਹੀਂ ਹੈ, ਕਿਉਂਕਿ ਸਰਕਾਰ ਇਸ ਸਬੰਧੀ ਪਹਿਲਾਂ ਵੀ ਨਿਰਦੇਸ਼ ਜਾਰੀ ਕਰ ਚੁੱਕੀ ਹੈ, ਇਸ ਲਈ ਸਾਰੀਆਂ ਸੰਸਥਾਵਾਂ ਗੰਭੀਰਤਾ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ। ਉਨ੍ਹਾਂ ਕਿਹਾ ਕਿ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦੇ ਲਈ ਸਰਕਾਰ ਤੋਂ ਇਲਾਵਾ ਜਨਤਾ ਦਾ ਸਹਿਯੋਗ ਵੀ ਬਹੁਤ ਜ਼ਰੂਰੀ ਹੈ।
ਇਸ ਦੌਰਾਨ ਸੀਨੀਅਰ ਸਿਟੀਜਨਸ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਦੇ ਬਾਰੇ ਵਿੱਚ ਦੱਸਦੇ ਹੋਏ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਨੇ ਕਿਹਾ ਕਿ ਸੀਨੀਅਰ ਸਿਟੀਜਨਸ ਦੀ ਸੁਵਿਧਾ ਦੇ ਲਈ ਇਕ ਟੋਲ ਫ੍ਰੀ ਨੰਬਰ 1968 ਜਾਰੀ ਕੀਤਾ ਗਿਆ ਹੈ, ਇਸ ਨੰਬਰ ’ਤੇ ਕੋਈ ਵੀ ਬਜ਼ੁਰਗ ਆਪਣੀ ਕੋਈ ਸ਼ਿਕਾਇਤ ਜਾਂ ਸਮੱਸਿਆ ਦਰਜ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ 10 ਜੁਲਾਈ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਰਾਸ਼ਟਰੀ ਲੋਕ ਅਦਾਲਤ ਲਗਾਈ ਜਾ ਰਹੀ ਹੈ, ਜਿਸ ਦਾ ਲਾਭ ਜ਼ਿਲ੍ਹੇ ਦੇ ਸਾਰੇ ਨਾਗਰਿਕ ਲੈ ਸਕਦੇ ਹਨ। ਇਸ ਤਰ੍ਹਾਂ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ ਨੇ ਦੱਸਿਆ ਕਿ ਸੀਨੀਅਰ ਸਿਟੀਜਨਸ ਨੂੰ ਹਰ ਤਰ੍ਹਾਂ ਦੀ ਸੁਵਿਧਾ ਦੇਣ ਦੇ ਲਈ ਨੈਸ਼ਨਲ ਹੈਲਪਲਾਈਨ ਫਾਰ ਸੀਨੀਅਰ ਸਿਟੀਜਨਸ ਦੇ ਲਈ ਟੋਲ ਫ੍ਰੀ ਨੰਬਰ 14567 ਵੀ ਜਾਰੀ ਕੀਤਾ ਗਿਆ ਹੈ, ਜਿਸ ਦਾ ਲਾਭ ਜ਼ਿਲ੍ਹੇ ਦੇ ਸੀਨੀਅਰ ਸਿਟੀਜਨਸ ਲੈ ਸਕਦੇ ਹਨ।
ਕਿਰਪਾਲਵੀਰ ਸਿੰਘ ਵਲੋਂ ਇਸ ਦੌਰਾਨ ਸਹਾਇਕ ਸਿਵਲ ਸਰਜਨ ਨੂੰ ਓਲਡ ਏਜ ਹੋਮ ਰਾਮ ਕਲੋਨੀ ਕੈਂਪ ਵਿੱਚ ਰਹਿ ਰਹੇ ਬਜ਼ੁਰਗਾਂ ਦੇ ਸਵਾਸਥ ਸਬੰਧੀ ਲਗਾਤਾਰ ਜਾਂਚ ਪੜਤਾਲ ਸਬੰਧੀ ਹੁਕਮ ਵੀ ਦਿੱਤੇ।
ਇਸ ਦੌਰਾਨ ਕਮੇਟੀ ਮੈਂਬਰਾਂ ਵਲੋਂ ਸੀਨੀਅਰ ਸਿਟੀਜਨਸ ਨੂੰ ਪੇਸ਼ ਆ ਰਹੀਆਂ ਦਿੱਕਤਾਂ ਸਬੰਧੀ ਜਾਣੂ ਕਰਵਾਇਆ ਗਿਆ। ਇਸ ਮੌਕੇ ’ਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੁਕੇਸ਼ ਗੌਤਮ, ਸਰਪ੍ਰਸਤ ਸੀਨੀਅਰ ਸਿਟੀਜਨ ਕੌਂਸਲ ਸੁਰਜੀਤ ਸਿੰਘ, ਐਨ.ਐਨ ਵਾਸੁਦੇਵਾ, ਲੀਡ ਜ਼ਿਲ੍ਹਾ ਮੈਨੇਜਰ ਆਰ.ਕੇ ਚੋਪੜਾ, ਡੀ.ਐਸ.ਪੀ. ਅਮਰਨਾਥ, ਜੀ.ਐਮ ਰੋਡਵੇਜ ਰਣਜੀਤ ਸਿੰਘ ਬੱਗਾ, ਡਿਪਟੀ ਪੋਸਟ ਮਾਸਟਰ ਰਜਨੀ ਧੀਰ, ਜਰਨੈਲ ਸਿੰਘ ਧੀਰ ਤੋਂ ਇਲਾਵਾ ਹੋਰ ਮੈਂਬਰ ਵੀ ਹਾਜ਼ਰ ਸਨ।