ਸਮੁੱਚੀ ਸਿੱਖ ਕੌਮ ਨੂੰ ਭਾਈ ਰਾਮ ਸਿੰਘ ਦੀਆਂ ਪ੍ਰਾਪਤੀਆਂ ’ਤੇ ਮਾਣ – ਇੰਦਰਜੀਤ ਸਿੰਘ ਹਰਪੁਰਾ
ਬਟਾਲਾ, 14 ਜੂਨ 2021 – ਦੁਨੀਆਂ ਦੇ ਪ੍ਰਸਿੱਧ ਆਰਕੀਟੈਕਟ ਭਾਈ ਰਾਮ ਸਿੰਘ ਦੀ ਤਸਵੀਰ ਅੱਜ ਪੰਜਾਬ ਹੈਰੀਟੇਜ ਐਂਡ ਕਲਚਰਲ ਸੁਸਾਇਟੀ ਬਟਾਲਾ ਵੱਲੋਂ ਉਨ੍ਹਾਂ ਦੇ ਜੱਦੀ ਪਿੰਡ ਰਸੂਲਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਈ ਗਈ। ਆਰਕੀਟੈਕਟ ਭਾਈ ਰਾਮ ਸਿੰਘ ਦਾ ਜਨਮ 1 ਅਗਸਤ 1858 ਨੂੰ ਬਟਾਲਾ ਨੇੜਲੇ ਪਿੰਡ ਰਸੂਲਪੁਰ ਵਿਖੇ ਪਿਤਾ ਆਸਾ ਸਿੰਘ ਦੇ ਘਰ ਹੋਇਆ ਸੀ।
ਗਰਦੁਆਰਾ ਸਾਹਿਬ ਵਿਖੇ ਤਸਵੀਰ ਲਗਾਉਣ ਮੌਕੇ ਇਕੱਤਰ ਹੋਈ ਪਿੰਡ ਰਸੂਲਪੁਰ ਦੀ ਸੰਗਤ ਨੂੰ ਆਰਕੀਟੈਕਟ ਭਾਈ ਰਾਮ ਸਿੰਘ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਪੰਜਾਬ ਹੈਰੀਟੇਜ ਐਂਡ ਕਲਚਰਲ ਸੁਸਾਇਟੀ ਬਟਾਲਾ ਦੇ ਨੁਮਾਇੰਦੇ ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਕਿ ਭਾਈ ਰਾਮ ਸਿੰਘ ਨੇ ਆਪਣੀ ਕਲਾ ਦਾ ਲੋਹਾ ਪੂਰੀ ਦੁਨੀਆਂ ਵਿੱਚ ਮਨਵਾਇਆ ਸੀ ਅਤੇ ਉਨ੍ਹਾਂ ਵੱਲੋਂ ਡਿਜ਼ਾਇਨ ਕੀਤੀਆਂ ਇਮਾਰਤਾਂ ਦਾ ਅੱਜ ਵੀ ਕੋਈ ਮੁਕਾਬਲਾ ਨਹੀਂ ਹੈ।
ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਕਿ ਆਰਕੀਟੈਕਟ ਭਾਈ ਰਾਮ ਸਿੰਘ ਨੇ ਆਪਣੀ ਜ਼ਿੰਦਗੀ ਦੌਰਾਨ ਜਿਨ੍ਹਾਂ ਸਭ ਤੋਂ ਸੁੰਦਰ ਇਮਾਰਤਾਂ ਦੀ ਨਕਸ਼ਾ ਨਵੀਸੀ ਕੀਤੀ, ਉਨ੍ਹਾਂ ਵਿਚੋਂ ਖਾਲਸਾ ਕਾਲਜ ਦੀ ਇਮਾਰਤ ਸਭ ਤੋਂ ਅਹਿਮ ਹੈ। ਭਾਈ ਰਾਮ ਸਿੰਘ ਨੇ ਆਪਣੇ ਜੀਵਨ ਕਾਲ ਵਿੱਚ 20 ਦੇ ਕਰੀਬ ਅਜਿਹੀਆਂ ਇਮਾਰਤਾਂ ਦੇ ਨਕਸ਼ੇ ਤਿਆਰ ਕੀਤੇ ਅਤੇ ਇੰਟੀਰੀਅਰ ਡਿਜਾਇਨਿੰਗ ਕੀਤੀ ਜਿਨ੍ਹਾਂ ਦੀ ਸੁੰਦਰਤਾ ਦਾ ਲੋਹਾ ਦੁਨੀਆਂ ਅੱਜ ਤੱਕ ਮੰਨਦੀ ਹੈ।
ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਕਿ ਭਾਈ ਰਾਮ ਸਿੰਘ ਨੇ ਕੁਈਨ ਵਿਕਟੋਰੀਆ ਦੇ ਦਰਬਾਰ ਹਾਲ ਦੀ ਸਾਰੀ ਇੰਟੀਰੀਅਰ ਡਿਜ਼ਾਇਨਿੰਗ ਕੀਤੀ, ਲਾਹੌਰ ਬੋਰਡਿੰਗ ਹਾਊਸ ਦਾ ਨਕਸ਼ਾ, ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਮਾਰਬਲ ਡਿਜਾਇੰਗ ਅਤੇ ਵੂਡ ਕਰਵਿੰਗ, ਚੰਬਾ ਹਾਊਸ ਲਾਹੌਰ, ਖਾਲਸਾ ਕਾਲਜ ਅੰਮ੍ਰਿਤਸਰ, ਸਾਰਾਗੜ੍ਹੀ ਗੁਰਦੁਆਰਾ ਅੰਮ੍ਰਿਤਸਰ, ਗਵਰਨਮੈਂਟ ਹਾਊਸ ਲਾਹੌਰ ਦਾ ਸਾਰਾ ਫਰਨੀਚਰ, ਸੀਲਿੰਗ ਆਫ ਗਰੀਨ ਹਾਲ ਜੰਮੂ ਕਸ਼ਮੀਰ, ਇਸਲਾਮੀਆ ਯੂਨੀਵਰਸਿਟੀ ਪਿਸ਼ਾਵਰ, ਡਿਜ਼ਾਇਨ ਆਫ਼ ਨਿਊ ਰੇਲਵੇ ਥੀਏਟਰ ਲਾਹੌਰ, ਇੰਟੀਰੀਅਰ ਡਿਜ਼ਾਇਨਿੰਗ ਵਰਕ ਆਫ ਸੇਨਡਮਨ ਹਾਲ ਕੋਇਟਾ (ਪਾਕਿਸਤਾਨ) ਐਗਰੀਕਲਚਰ ਕਾਲਜ ਲਾਇਲਪੁਰ, ਆਰਟੀਸ਼ਨ ਕਾਲਜ ਲਾਹੌਰ, ਦਰਬਾਰ ਹਾਲ ਕਪੂਰਥਲਾ, ਇੰਪੀਰੀਅਲ ਕੋਰਟ ਪੰਜਾਬ ਸ਼ੋਅ ਕੇਸ਼, ਮਲਿਕ ਉਮਰ ਹਿਆਤ ਦੀ ਰਿਹਾਇਸ ਕਾਲਰਾ ਅਸਟੇਟ ਆਦਿ ਵਿਸ਼ਵ ਪ੍ਰਸਿੱਧ ਇਮਾਰਤਾਂ ਦੇ ਨਕਸ਼ੇ ਤਿਆਰ ਕੀਤੇ ਅਤੇ ਉਨ੍ਹਾਂ ਦੀ ਇੰਟੀਰੀਅਰ ਡਿਜ਼ਾਇਨਿੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਇਮਾਰਤਾਂ ਅੱਜ ਵੀ ਆਪਣੀ ਖੂਬਸੂਰਤੀ ਆਪਣੇ ਮੂੰਹੋਂ ਆਪ ਬਿਆਨ ਕਰ ਰਹੀਆਂ ਹਨ।
ਇੰਦਰਜੀਤ ਸਿੰਘ ਨੇ ਦੱਸਿਆ ਕਿ ਭਾਈ ਰਾਮ ਸਿੰਘ ਨੇ ਪਹਿਲਾਂ ਮੇਯੋ ਸਕੂਲ ਆਫ ਆਰਟਸ, ਲਾਹੌਰ ਵਿਖੇ ਡਰਾਇੰਗ ਮਾਸਟਰ ਦੀ ਨੌਂਕਰੀ ਕੀਤੀ ਅਤੇ ਫਿਰ ਉਹ ਆਪਣੀ ਕਾਬਲੀਅਲ ਦੇ ਬਲਬੂਤੇ ਇਸ ਪ੍ਰਸਿੱਧ ਸਕੂਲ ਦੇ ਪ੍ਰਿੰਸੀਪਲ ਵੀ ਰਹੇ। ਭਾਈ ਰਾਮ ਸਿੰਘ ਨੂੰ ਬਰਤਾਨੀਆ ਹਕੂਮਤ ਵਲੋਂ ਸੰਨ 1902 ਵਿੱਚ ਕੇਸਰੀ ਹਿੰਦ ਮੈਡਲ ਦਾ ਸਨਮਾਨ ਦਿੱਤਾ ਗਿਆ। ਇਸ ਤੋਂ ਬਾਅਦ ਸੰਨ 1904 ਵਿੱਚ ਅੰਗਰੇਜ਼ ਹਕੂਮਤ ਨੇ ਉਨ੍ਹਾਂ ਨੂੰ ਸਰਦਾਰ ਸਾਹਿਬ ਅਤੇ 1909 ਵਿੱਚ ਸਰਦਾਰ ਬਹਾਦੁਰ ਦਾ ਖਿਤਾਬ ਵੀ ਦਿੱਤਾ। ਆਪਣੀ ਕਲਾ ਤੇ ਹੁਨਰ ਦਾ ਲੋਹਾ ਮਨਵਾ ਕੇ ਸਿੱਖ ਕੌਮ ਦਾ ਇਹ ਕੋਹੇਨੂਰ ਹੀਰਾ ਭਾਈ ਰਾਮ ਸਿੰਘ 1916 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਉਨ੍ਹਾਂ ਕਿਹਾ ਕਿ ਭਾਈ ਰਾਮ ਸਿੰਘ ਦੀਆਂ ਪ੍ਰਾਪਤੀਆਂ ਉੱਪਰ ਸਮੁੱਚੀ ਸਿੱਖ ਕੌਮ ਨੂੰ ਬੇਹੱਦ ਮਾਣ ਹੈ।
ਇਸ ਮੌਕੇ ਭਾਈ ਲਾਲੋ ਫਾਊਂਡੇਸ਼ਨ ਬਟਾਲਾ ਦੇ ਪ੍ਰਧਾਨ ਹਰਜੀਤ ਸਿੰਘ ਸੋਖੀ ਨੇ ਕਿਹਾ ਕਿ ਭਾਈ ਰਾਮ ਸਿੰਘ ਦੀ ਉਨ੍ਹਾਂ ਦੇ ਪਿੰਡ ਲਗਾਈ ਇਹ ਤਸਵੀਰ ਪਿੰਡ ਦੇ ਲੋਕਾਂ ਅਤੇ ਨਵੀਂ ਪੀੜ੍ਹੀ ਨੂੰ ਉਨ੍ਹਾਂ ਬਾਰੇ ਜਾਨਣ ਦੀ ਉਤਸਕਤਾ ਪੈਦਾ ਕਰੇਗੀ। ਉਨ੍ਹਾਂ ਕਿਹਾ ਕਿ ਇੰਗਲੈਂਡ ਸਮੇਤ ਪੂਰੀ ਦੁਨੀਆਂ ਵਿੱਚ ਆਰਕੀਟੈਕਟ ਭਾਈ ਰਾਮ ਸਿੰਘ ਦਾ ਨਾਮ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ ਅਤੇ ਦੁਨੀਆਂ ਉਨ੍ਹਾਂ ਦੇ ਹੁਨਰ ਨੂੰ ਅੱਜ ਤੱਕ ਸਲਾਮ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹੈਰੀਟੇਜ ਐਂਡ ਕਲਚਰਲ ਸੁਸਾਇਟੀ ਬਟਾਲਾ ਵੱਲੋਂ ਕੀਤਾ ਗਿਆ ਇਹ ਯਤਨ ਸ਼ਲਾਘਾਯੋਗ ਹੈ ਅਤੇ ਇੱਕ ਮਹਾਨ ਹਸਤੀ ਦੀ ਯਾਦ ਉਸਦੇ ਪਿੰਡ ਵਾਲਿਆਂ ਨੂੰ ਦਿਵਾਈ ਹੈ।
ਇਸ ਮੌਕੇ ਪਿੰਡ ਰਸੂਲਪੁਰ ਦੇ ਵਸਨੀਕ ਪ੍ਰਧਾਨ ਬਲਜੀਤ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਭਾਈ ਰਾਮ ਸਿੰਘ ਉੱਪਰ ਮਾਣ ਹੈ ਅਤੇ ਉਹ ਕੋਸ਼ਿਸ਼ ਕਰਨਗੇ ਕਿ ਪਿੰਡ ਰਸੂਲਪੁਰ ਵਿਖੇ ਉਨ੍ਹਾਂ ਦੀ ਕੋਈ ਢੁਕਵੀਂ ਯਾਦਗਾਰ ਉਸਾਰੀ ਜਾਵੇ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਦੇ ਨੌਜਵਾਨ ਅਤੇ ਬੀਬੀਆਂ ਭੈਣਾਂ ਹਾਜ਼ਰ ਸਨ।
ਇਸ ਮੌਕੇ ਪੰਜਾਬ ਹੈਰੀਟੇਜ ਸੁਸਾਇਟੀ ਦੇ ਸਕੱਤਰ ਕੁਲਵਿੰਦਰ ਸਿੰਘ ਲਾਡੀ ਜੱਸਲ, ਵਾਈਸ ਪ੍ਰਧਾਨ ਬਲਵਿੰਦਰ ਸਿੰਘ ਪੰਜਗਰਾਈਆਂ, ਖਜ਼ਾਨਚੀ ਪ੍ਰੋਫੈਸਰ ਜਸਬੀਰ ਸਿੰਘ, ਅਨੁਰਾਗ ਮਹਿਤਾ, ਕੰਵਲਜੀਤ ਸਿੰਘ ਲੱਲੀ ਪੰਜਗਰਾਈਆਂ, ਭਾਈ ਲਾਲੋ ਸੰਸਥਾ ਦੇ ਪ੍ਰਧਾਨ ਹਰਜੀਤ ਸਿੰਘ ਸੋਖੀ, ਜਸਵਿੰਦਰ ਸਿੰਘ, ਬਲਬੀਰ ਸਿੰਘ, ਬਲਕਾਰ ਸਿੰਘ, ਰਣਜੀਤ ਸਿੰਘ, ਪ੍ਰਧਾਨ ਗੁਰਦੁਆਰਾ ਕਮੇਟੀ ਰਸੂਲਪੁਰ ਬਲਵਿੰਦਰ ਸਿੰਘ, ਕੁਲਵੰਤ ਸਿੰਘ, ਮਾਸਟਰ ਹਰਭਜਨ ਸਿੰਘ, ਅਜ਼ਾਦ ਸਿੰਘ ਸੋਹਲ, ਅਮਿਤ ਸੋਹਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੀ ਸੰਗਤ ਹਾਜ਼ਰ ਸੀ।