ਸਬ-ਸੈਂਟਰ ਕੱਦਗਿੱਲ ਵਿਖੇ ਮਲੇਰੀਏ ਤੋਂ ਬਚਾਅ ਬਾਕੇ ਕੀਤਾ ਜਾਗਰੂਕ
ਤਰਨ ਤਾਰਨ 18 ਜੂਨ:
ਸਿਵਲ ਸਰਜਨ ਡਾ. ਰੋਹਿਤ ਮਹਿਤਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਝਬਾਲ ਡਾ. ਅੰਮ੍ਰਿਤਪਾਲ ਸਿੰਘ ਨਿੱਬਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਕੱਦਗਿੱਲ ਵਿਖੇ ਮਲੇਰੀਏ ਤੋਂ ਬਚਾਅ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਮੌਕੇ ਤੇ ਸਿਵਲ ਸਰਜਨ ਦਫ਼ਤਰ ਤੋਂ ਪਹੁੰਚੇ ਸਹਾਇਕ ਮੇਲਰੀਆ ਅਫ਼ਸਰ ਕੰਵਲ ਬਲਰਾਜ ਸਿੰਘ ਪੱਖੋਕੇ ਅਤੇ ਗੁਰਬਖ਼ਸ਼ ਸਿੰਘ ਔਲਖ ਨੇ ਦੱਸਿਆ ਕਿ ਜੂਨ ਮਹੀਨਾ ਹਰ ਸਾਲ ਮਲੇਰੀਏ ਮਹੀਨੇ ਵਜੋਂ ਮਨਾਇਆ ਜਾਂਦਾ ਹੈ । ਸਹਾਇਕ ਮਲੇਰੀਆ ਅਫ਼ਸਰ ਨੇ ਕਿਹਾ ਕਿ ਮਲੇਰੀਆ ਬੁਖ਼ਾਰ ਮਾਦਾ ਐਨਾਫਲੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ । ਇਹ ਸਾਫ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਰਾਤ ਸਮੇਂ ਕੱਟਦਾ ਹੈ । ਤੇਜ਼ ਸਿਰ ਦਰਦ, ਠੰਡ ਅਤੇ ਕਾਂਬੇ ਨਾਲ ਬੁਖ਼ਾਰ, ਬੁਖ਼ਾਰ ਉੁਤਰਣ ਤੋਂ ਬਾਅਦ ਕਮਜ਼ੋਰੀ ਮਹਿਸੂਸ ਹੋਣਾ ਇਸਦੇ ਮੁੱਖ ਲੱਛਣ ਹਨ । ਇਸ ਬਚਾਅ ਲਈ ਘਰਾਂ ਦੇ ਆਲੇ-ਦੁਆਲੇ ਤੇਲ ਦਾ ਛਿੜਕਾਓ ਕਰੋ, ਸੋਣ ਵੇਲੇ ਮੱਛਰ ਭਜਾਉ ਕਰੀਮਾਂ ਅਤੇ ਮੱਛਰਦਾਨੀਆਂ ਦੀ ਵਰਤੋਂ ਕਰੋ । ਕੱਪੜੇ ਅਜਿਹੇ ਪਹਿਣੋ ਕਿ ਸਰੀਰ ਪੂਰੀ ਤਰਾਂ ਢੱਕਿਆ ਰਹੇ।
ਗੁਰਬਖ਼ਸ਼ ਸਿੰਘ ਔਲਖ ਨੇ ਦੱਸਿਆ ਕਿ ਸਰਕਾਰ ਵੱਲੋਂ ਹਰ ਸ਼ੁੱਕਰਵਾਰ ਨੂੰ ਡਰਾਈ ਡੇ ਦੇ ਤੌਰ ਤੇ ਮਨਾਇਆ ਜਾਣਾ ਹੈ । ਇਸ ਦਿਨ ਕੂਲਰਾਂ, ਗਮਲਿਆਂ, ਫਰਿੱਜ ਦੀਆਂ ਪਿਛਲੀਆਂ ਟਰੇਆਂ ਨੂੰ ਸਾਫ ਕਰਕੇ ਸੁਕਾਉ । ਬੁਖ਼ਾਰ ਹੋਣ ਦੀ ਸੂਰਤ ਵਿੱਚ ਤੁਰੰਤ ਨੇੜੇ ਦੇ ਸਿਹਤ ਕੇਂਦਰ ਜਾਂ ਸਿਹਤ ਕਰਮਚਾਰੀ ਨਾਲ ਸੰਪਰਕ ਕਰੋ ।
ਇਸ ਮੌਕੇ ਤੇ ਗੁਰਵਿੰਦਰ ਸਿੰਘ ਭੌਜੀਆਂ ਹੈੱਲਥ ਸੁਪਰਵਾਈਜ਼ਰ , ਦਿਲਬਾਗ ਸਿੰਘ ਭੁੱਲਰ, ਕੰਵਲਜੀਤ ਸਿੰਘ ਬਰਾੜ, ਤੇਜਿੰਦਰ ਸਿੰਘ ਕੋਟ, ਗੁਰਦੇਵ ਸਿੰਘ ਬਾਠ, ਅਮਨਦੀਪ ਸਿੰਘ, ਸੰਦੀਪ ਕੋਰ, ਬਲਜੀਤ ਕੋਰ ਆਸ਼ਾ ਵਰਕਰਜ਼ ਅਤੇ ਪਿੰਡ ਦੇ ਲੋਕ ਹਾਜ਼ਰ ਸਨ ।