ਸਕੂਲ ਸਿੱਖਿਆ ਦੇ ਖੇਤਰ ’ਚ ਦੇਸ਼ ਦਾ ਅੱਵਲ ਨੰਬਰ ਸੂਬਾ ਬਣਨ ’ਤੇ ਮੁੱਖ ਮੰਤਰੀ ਨੇ ਕੀਤੀ ਅਧਿਆਪਕਾਂ ਨਾਲ ਵਰਚੂਅਲ ਮੀਟਿੰਗ
ਬਟਾਲਾ, 10 ਜੂਨ – ਕੇਂਦਰ ਸਰਕਾਰ ਵੱਲੋਂ ਸਕੂਲ ਸਿੱਖਿਆ ਦੇ ਖੇਤਰ ’ਚ ਕੀਤੀ ਗਈ ਤਾਜ਼ਾ ਦਰਜ਼ਾਬੰਦੀ (ਪਰਫਾਰਮੈਂਸ ਗਰੇਡਿੰਗ ਇੰਡੈਕਸ) ਤਹਿਤ ਦੇਸ਼ ਭਰ ’ਚੋਂ ਪੰਜਾਬ ਵੱਲੋਂ ਪਹਿਲਾ ਸਥਾਨ ਹਾਸਿਲ ਕਰਨ ਤੇ ਅੱਜ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਰਚੂਅਲ ਮਾਧਿਅਮ ਰਾਹੀਂ ਰਾਜ ਦੇ ਅਧਿਆਪਕਾਂ ਨਾਲ ਮੀਟਿੰਗ ਕਰਕੇ ਉਨਾਂ ਵੱਲੋਂ ਸਿੱਖਿਆ ਸੁਧਾਰਾਂ ਲਈ ਪਾਏ ਯੋਗਦਾਨ ਲਈ ਉਨਾਂ ਦੀ ਹੌਂਸਲਾ ਅਫਜਾਈ ਕੀਤੀ। ਬਟਾਲਾ ਸ਼ਹਿਰ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਅਧਿਆਪਕ ਅਤੇ ਮੋਹਤਬਰ ਵਿਅਕਤੀ ਇਸ ਵਰਚੂਅਲ ਪ੍ਰੋਗਰਾਮ ਵਿਚ ਸ਼ਾਮਲ ਹੋਏ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਾਪਤੀ ਸਮੂਹ ਅਧਿਆਪਕਾਂ ਦੀ ਮਿਹਨਤ ਨਾਲ ਹੀ ਸੰਭਵ ਹੋਈ ਹੈ ਅਤੇ ਇਸ ਲਈ ਅਧਿਆਪਕ ਵਧਾਈ ਦੇ ਪਾਤਰ ਹਨ। ਉਨਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਵਿਦਿਆ ਦੇ ਖੇਤਰ ਵਿਚ ਸੁਧਾਰ ਕੀਤੇ ਜਾ ਰਹੇ ਹਨ ਤਾਂ ਜੋ ਸਾਡੀ ਨਵੀਂ ਪੀੜੀ ਨੂੰ ਬੌਧਿਕ ਤੌਰ ਤੇ ਦੁਨੀਆਂ ਦੇ ਹਾਣ ਦੀ ਕੀਤਾ ਜਾ ਸਕੇ। ਉਨਾਂ ਨੇ ਹਰ ਖੇਤਰ ਵਿਚ ਪੰਜਾਬ ਦੇ ਸਕੂਲਾਂ ਨੂੰ ਮੋਹਰੀ ਬਣਾਉਣ ਲਈ ਸਾਰੇ ਸਿੱਖਿਆ ਵਿਭਾਗ ਨੂੰ ਵਧਾਈ ਦਿੱਤੀ।
ਵਰਚੂਅਲ ਪ੍ਰੋਗਰਾਮ ਦੌਰਾਨ ਸ੍ਰੀ ਵਿਜੈ ਸਿੰਗਲਾ ਸਿੱਖਿਆ ਮੰਤਰੀ ਨੇ ਦੱਸਿਆ ਕਿ ਨੇ ਦੱਸਿਆ ਕਿ ਕੋਵਿਡ ਕਾਲ ਦੌਰਾਨ ਸਿੱਖਿਆ ਵਿਭਾਗ ਦੇ ਮਿਹਨਤੀ ਸਟਾਫ ਨੇ ਵਧੀਆ ਕਾਰਗੁਜਾਰੀ ਦਿਖਾਈ ਹੈ ਅਤੇ ਆਨਲਾਈਨ ਪੜਾਈ ਨੂੰ ਨਿਰੰਤਰ ਜਾਰੀ ਰੱਖਿਆ ਹੈ। ਸਕੂਲ ਵਿੱਚ ਪੜਣ ਵਾਲੇ ਬੱਚਿਆਂ ਨੂੰ ਕਿਤਾਬਾਂ ਵੰਡਣ, ਲੋਕਾਂ ਨੂੰ ਸਰਕਾਰੀ ਸਕੂਲਾਂ ਪ੍ਰਤੀ ਜਾਗਰੂਕ ਕਰਨ ਸੰਬੰਧੀ ਆਪਣੀ ਅਹਿਮ ਡਿਊਟੀ ਨਿਭਾਈ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ 1 ਲੱਖ 75 ਹਜਾਰ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਦਿੱਤੇ ਗਏ ਹਨ ਅਤੇ 30 ਜੂਨ 2021 ਤੱਕ ਸਾਰੇ ਬਾਰਵੀਂ ਕਲਾਸ ਵਿੱਚ ਪੜਣ ਵਾਲੇ ਬੱਚਿਆ ਨੂੰ ਸਮਾਰਟ ਫੋਨ ਹੋਰ ਦਿੱਤੇ ਜਾਣਗੇ । ਇਸ ਮੌਕੇ ਉਹਨਾਂ ਦੱਸਿਆ ਕਿ 19298 ਸਰਕਾਰੀ ਸਕੂਲਾਂ ਵਿੱਚੋਂ 12976 ਸਮਾਰਟ ਸਕੂਲ ਬਣਾਏ ਗਏ ਹਨ। ਉਹਨਾਂ ਦੱਸਿਆ ਕਿ ਹਰ ਤਰਾਂ ਦੀ ਗਰਾਂਟ ,ਖੇਡਾਂ ਸੰਬੰਧੀ, ਲੈਬਜ, ਵਰਦੀਆਂ ਦੀ ਇਕ ਪਾਰਦਰਸੀ ਤਰੀਕੇ ਨਾਲ ਖਰਚ ਕੀਤੀ । ਹੁਣ ਸਰਕਾਰੀ ਸਕੂਲਾਂ ਵਿਚ ਹਰੇਕ ਬੱਚੇ ਦੀ ਪੂਰੀ ਫੀਸ ਮੁਆਫ ਕੀਤੀ ਹੈ ਬਦਲੀਆਂ ਅਤੇ ਤਰੱਕੀਆਂ ਸੰਬੰਧੀ ਸਕੀਮਾਂ ਦਾ ਪੂਰਾ ਵਰਣਨ ਕੀਤਾ ।
ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਪੰਜਾਬ ਨੇ ਪੀਜੀਆਈ ਇੰਡੈਕਸ ਵਿਚ 100 ਵਿਚੋਂ 929 ਅੰਕ ਪ੍ਰਾਪਤ ਕਰਕੇ ਦੇਸ਼ ਵਿਚੋਂ ਮੋਹਰੀ ਸਥਾਨ ਹਾਸਲ ਕੀਤਾ ਹੈ। ਇਸ ਸਮਾਗਮ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਅਤੇ ਮੁੱਖ ਸਕੱਤਰ ਪੰਜਾਬ ਸ੍ਰੀਮਤੀ ਵਿਨੀ ਮਹਾਜਨ ਨੇ ਵੀ ਸੰਬੋਧਨ ਕੀਤਾ।