ਬੱਚਿਆਂ ਨੂੰ ਨਿਮੋਨੀਆ ਤੋਂ ਬਚਾਊਣ ਲਈ ਵੈਕਸੀਨ ਜਲਦੀ ਹੀ
ਸੰਗਰੂਰ 2 ਜੁਲਾਈ 2021 : ਵੈਕਸੀਨ ਦੀ ਸਾਂਭ ਸੰਭਾਲ, ਲੋੜ ਅਤੇ ਖਪਤ ਦੇ ਸੁਚੱਜੇ ਪ੍ਰਬੰਧਾਂ ਲਈ ਜਿਲ੍ਹੇ ਦੇ ਸਮੂਹ ਕੋਲਡ ਚੇਨ ਪੁਆਂਇਟਸ ਨੂੰ ਮੇਨਟੇਨ ਕਰ ਰਹੇ ਹੈਂਡਲਰਸ ਨੂੰ ਸਿਵਲ ਸਰਜਨ ਡਾ. ਅੰਜਨਾ ਗੁਪਤਾ ਦੀ ਰਹਿਨੁਮਾਈ ਹੇਠ ਈ-ਵਿਨ ਐਪ ਬਾਰੇ ਟ੍ਰੇਨਿੰਗ ਦਿੱਤੀ ਗਈ।
ਡਾ ਗੁਪਤਾ ਨੇ ਦੱਸਿਆ ਕਿ ਇਸ ਐਪ ਰਾਹੀਂ ਸਬੰਧਤ ਕਰਮਚਾਰੀ ਟੀਕਾਕਰਨ ਦੀ ਵੈਕਸੀਨ ਦੇ ਰੱਖ ਰਖਾਵ ,ਡਿਮਾਂਡ ਅਤੇ ਖਪਤ ਆਦਿ ਦਾ ਰਿਕਾਰਡ ਅਪਡੇਟ ਕਰਨਗੇ, ਜਿਸ ਦਾ ਲਿੰਕ ਰਾਸ਼ਟਰੀ ਸਿਹਤ ਵਿਭਾਗ ਨਾਲ ਜੁੜਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਮਨੋਰਥ ਵੈਕਸੀਨ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਉਣ ਅਤੇ ਬੇਲੋੜੀ ਬਰਬਾਦੀ ਤੋਂ ਬਚਾਉਣਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਜਲਦੀ ਹੀ ਬੱਚਿਆਂ ਦੇ ਟੀਕਾਕਰਨ ਸ਼ਡਿਊਲ ਵਿਚ ਇਕ ਹੋਰ ਵੈਕਸੀਨ ਨਿਮੋਨੋਕੋਕਲ ਕੰਜੂਗੇਟ ਵੈਕਸੀਨ ਸ਼ਾਮਲ ਹੋਣ ਜਾ ਰਹੀ ਹੈ ਜੋ ਬੱਚਿਆਂ ਨੂੰ ਨਿਮੋਨੀਆ ਵਰਗੀ ਘਾਤਕ ਬਿਮਾਰੀ ਤੋਂ ਸੁਰੱਖਿਅਤ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਦੀ ਪਹਿਲੀ ਖ਼ੁਰਾਕ ਬੱਚੇ ਦੇ 1 ਮਹੀਨੇ ਦਾ ਹੋਣ ’ਤੇ, ਦੂਸਰੀ ਖ਼ੁਰਾਕ 3 ਮਹੀਨੇ ਦਾ ਹੋਣ ’ਤੇ ਅਤੇ ਤੀਸਰੀ ਖ਼ੁਰਾਕ 9 ਮਹੀਨੇ ਦੇ ਹੋਣ ’ਤੇ ਦਿੱਤੀ ਜਾਵੇਗੀ ਜੋ ਕਿ ਟੀਕੇ ਦੇ ਰੂਪ ਵਿਚ ਹੋਵੇਗੀ।
ਡਾ ਸੰਜੇ ਮਾਥੁਰ ਅਤੇ ਸ੍ਰੀ ਗੁਰਪ੍ਰੀਤ ਸਿੰਘ ਜਿਲ੍ਹਾ ਈ ਪੀ ਆਈ ਅਸਿਸਟੈਂਟ ਵੱੱਲੋਂ ਟੀਕਾਕਰਨ ਬਾਰੇ ਬੜੇ ਹੀ ਸੁਚੱਜੇ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ। ਡਾ. ਮਾਥੁਰ ਨੇ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਵਿਚ 38 ਵੈਕਸੀਨ ਕੋਲਡ ਚੇਨ ਪੁਆਂਇੰਟ ਹਨ ਜਿਨ੍ਹਾਂ ਤੋਂ ਅੱਗੇ ਸਿਹਤ ਸੰਸਥਾਵਾਂ ਨੂੰ ਸਪਲਾਈ ਦਿੱਤੀ ਜਾਂਦੀ ਹੈ।