ਵਿਕਾਸ ਦੇ ਕੰਮਾਂ ’ਚ ਤੇਜ਼ੀ ਲਿਆਉਂਦੇ ਹੋਏ ਸ਼ਹਿਰ ਅੰਦਰ ਕਰਵਾਏ ਜਾਣਗੇ ਪੁਖਤਾ ਕਾਰਜ : ਮੇਅਰ ਨਗਰ ਨਿਗਮ
ਹੁਸ਼ਿਆਰਪੁਰ, 26 ਜੂਨ 2021 : ਨਗਰ ਨਿਗਮ ਦੇ ਮੇਅਰ ਸੁਰਿੰਦਰ ਕੁਮਾਰ ਸ਼ਿੰਦਾ ਨੇ ਦੱਸਿਆ ਕਿ ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਦੀ ਯੋਗ ਅਗਵਾਈ ’ਚ ਸ਼ਹਿਰ ਅੰਦਰ ਤੇਜ਼ੀ ਨਾਲ ਵੱਖ-ਵੱਖ ਵਿਕਾਸ ਦੇ ਪੁਖਤਾ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਜੋ ਵੀ ਕੰਮ ਨਗਰ ਨਿਗਮ ਵਲੋਂ ਕਰਵਾਏ ਜਾ ਰਹੇ ਹਨ, ਉਹ ਹਰੇਕ ਪੱਖੋਂ ਮਜ਼ਬੂਤ ਅਤੇ ਟਿਕਾਊ ਹੋਣ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਪੁਰਜ਼ੋਰ ਮੰਗ ’ਤੇ ਕੋਤਵਾਲੀ ਬਾਜ਼ਾਰ ਵਿੱਚ ਵੱਖ-ਵੱਖ ਵਿਕਾਸ ਦੇ ਕੰਮ ਜੰਗੀ ਪੱਧਰ ’ਤੇ ਕਰਵਾਏ ਗਏ ਹਨ ਅਤੇ ਇਹ ਕੰਮ ਕਰਵਾਉਣ ਉਪਰੰਤ ਬਾਜ਼ਾਰ ਦੀ ਜ਼ਿਆਦਾਤਰ ਸਮੱਸਿਆ ਹੱਲ ਹੋ ਗਈ ਹੈ। ਇਨ੍ਹਾਂ ਕੰਮਾਂ ਨੂੰ ਹੋਰ ਪੁਖਤਾ ਕਰਨ ਲਈ ਅੱਜ ਸੁਰਿੰਦਰ ਕੁਮਾਰ ਸ਼ਿੰਦਾ ਵਲੋਂ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਅਤੇ ਡਿਪਟੀ ਮੇਅਰ ਰਣਜੀਤ ਚੌਧਰੀ ਨੂੰ ਨਾਲ ਲੈ ਕੇ ਸਾਂਝੇ ਤੌਰ ’ਤੇ ਕੋਤਵਾਲੀ ਬਾਜ਼ਾਰ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ ਗਿਆ। ਪੜਤਾਲ ਦੋਰਾਨ ਕੰਮ ਵਿਚ ਕਈ ਉਣਤਾਈਆਂ ਪਾਈਆਂ ਗਈਆਂ।
ਮੇਅਰ ਨਗਰ ਨਿਗਮ ਨੇ ਦੱਸਿਆ ਕਿ ਵਿਕਾਸ ਕੰਮਾਂ ਦੀ ਪੜਤਾਲ ਕਰਵਾਉਣ ਲਈ ਉਚ ਅਧਿਕਾਰੀਆਂ ਦੀ ਕਮੇਟੀ ਦਾ ਜਲਦ ਗਠਨ ਕੀਤਾ ਜਾ ਰਿਹਾ ਹੈ ਜੋ ਕਿ ਨਿਸ਼ਚਿਤ ਸਮੇਂ ਅੰਦਰ ਆਪਣੀ ਰਿਪੋਰਟ ਕਮਿਸ਼ਨਰ ਅਤੇ ਉਨ੍ਹਾਂ ਦੇ ਸਨਮੁੱਖ ਪੇਸ਼ ਕਰੇਗੀ। ਉਨ੍ਹਾਂ ਦੱਸਿਆ ਕਿ ਵਿਕਾਸ ਕੰਮਾਂ ਵਿੱਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ ਅਤੇ ਘਟੀਆ ਕੁਆਲਟੀ ਦੇ ਕੰਮਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।