ਵਧੀਕ ਡਿਪਟੀ ਕਮਿਸ਼ਨਰ ਵੱਲੋਂ ਪ੍ਰਾਈਵੇਟ ਐਂਬੂਲੈਂਸ ਚਾਲਕਾਂ ਲਈ ਰੇਟ ਨਿਰਧਾਰਿਤ
ਮਾਨਸਾ, 16 ਜੁਲਾਈ 2021 : ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਵੱਲੋਂ ਰਾਜ ਵਿੱਚ ਪ੍ਰਾਈਵੇਟ ਐਂਬੂਲੈਂਸਾਂ ਦਾ ਕਿਰਾਇਆ ਨਿਰਧਾਰਿਤ ਕੀਤਾ ਗਿਆ ਹੈ ਤਾਂ ਜੋ ਰੇਟ ਵਸੂਲਣ ਸਬੰਧੀ ਮਨਮਰਜ਼ੀ ਨੂੰ ਖ਼ਤਮ ਕੀਤਾ ਜਾ ਸਕੇ। ਕਾਰਪੋਰੇਸ਼ਨ ਵੱਲੋਂ ਜਾਰੀ ਇਸ ਪੱਤਰ ਦੇ ਦਿਸ਼ਾ ਨਿਰਦੇਸ਼ਾਂ ਦੀ ਰੌਸ਼ਨੀ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ. ਉਪਕਾਰ ਸਿੰਘ ਨੇ ਜ਼ਿਲ੍ਹਾ ਮਾਨਸਾ ਵਿਖੇ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਮੁਨਾਫ਼ਾਖੋਰੀ ਰੋਕਣ ਲਈ ਪ੍ਰਾਈਵੇਟ ਐਂਬੂਲੈਂਸ ਸੇਵਾਵਾਂ ਪ੍ਰਦਾਨ ਕਰਨ ਲਈ ਰੇਟ ਫਿਕਸ ਕੀਤੇ ਹਨ।
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਮੁਤਾਬਕ 50 ਕਿਲੋਮੀਟਰ ਦੇ ਦਾਇਰੇ ਅੰਦਰ ਬੇਸਿਕ ਲਾਈਫ਼ ਸਪੋਰਟ (ਨਾਨ ਏ.ਸੀ) ਐਂਬੂਲੈਂਸ ਦਾ ਕਿਰਾਇਆ 1200 ਰੁਪਏ, ਬੇਸਿਕ ਲਾਈਫ਼ ਸਪੋਰਟ (ਏ.ਸੀ) ਐਂਬੂਲੈਂਸ ਦਾ ਕਿਰਾਇਆ 1500 ਰੁਪਏ ਅਤੇ ਐਡਵਾਂਸ ਲਾਈਫ਼ ਸਪੋਰਟ ਐਂਬੂਲੈਂਸ ਦਾ ਕਿਰਾਇਆ 2000 ਰੁਪਏ ਨਿਰਧਾਰਿਤ ਕੀਤਾ ਗਿਆ ਹੈ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜੇ ਐਂਬੂਲੈਂਸ ਚਾਲਕ ਚਾਹੁਣ ਤਾਂ ਉਹ ਇਨ੍ਹਾਂ ਕੀਮਤਾਂ ’ਤੇ ਰਿਆਇਤ ਦੇ ਸਕਦੇ ਹਨ ਪਰ ਨਿਰਧਾਰਿਤ ਰੇਟ ਤੋਂ ਵੱਧ ਰਾਸ਼ੀ ਨਹੀਂ ਵਸੂਲ ਸਕਦੇ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜੇਕਰ ਦੂਰੀ 50 ਕਿਲੋਮੀਟਰ ਤੋਂ ਵੱਧ ਹੁੰਦੀ ਹੈ ਤਾਂ ਐਂਬੂਲੈਂਸ ਅਪਰੇਟਰ ਕਿਲੋਮੀਟਰ ਦੀ ਹਿਸਾਬ ਨਾਲ ਕਿਰਾਇਆ ਲੈ ਸਕਣਗੇ ਜਿਸ ਲਈ ਬੇਸਿਕ ਲਾਈਫ ਸਪੋਰਟ (ਨਾਨ ਏ.ਸੀ) ਲਈ 12 ਰੁਪਏ ਪ੍ਰਤੀ ਕਿਲੋਮੀਟਰ, ਬੇਸਿਕ ਲਾਈਫ ਸਪੋਰਟ (ਏ.ਸੀ) ਲਈ 15 ਰੁਪਏ ਅਤੇ ਐਡਵਾਂਸ ਲਾਈਫ ਸਪੋਰਟ ਲਈ 25 ਰੁਪਏ ਪ੍ਰਤੀ ਕਿਲੋਮੀਟਰ ਕਿਰਾਇਆ ਨਿਰਧਾਰਿਤ ਕੀਤਾ ਗਿਆ ਹੈ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜਿੱਥੋਂ ਤੱਕ ਐਂਬੂਲੈਂਸ ਦੇ ਰੁਕਣ ਲਈ ਕਿਰਾਏ ਦੀ ਗੱਲ ਹੈ ਤਾਂ ਪਹਿਲੇ ਇੱਕ ਘੰਟੇ ਲਈ ਕੋਈ ਵੀ ਐਂਬੂਲੈਂਸ ਚਾਲਕ ਨਿਰਧਾਰਿਤ ਕਿਰਾਏ ਤੋਂ ਬਿਨਾਂ ਕੋਈ ਵਾਧੂ ਫੀਸ ਨਹੀਂ ਲਵੇਗਾ ਅਤੇ ਉਸ ਤੋਂ ਬਾਅਦ ਐਂਬੂਲੈਂਸ ਚਾਲਕ ਬੇਸਿਕ ਲਾਈਫ ਸਪੋਰਟ ਨਾਨ ਏ.ਸੀ ਅਤੇ ਏ.ਸੀ ਲਈ 200 ਰੁਪਏ ਪ੍ਰਤੀ ਘੰਟਾ ਅਤੇ ਐਡਵਾਂਸ ਲਾਈਫ ਸਪੋਰਟ ਲਈ 400 ਰੁਪਏ ਪ੍ਰਤੀ ਘੰਟਾ ਲੈ ਸਕਦਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਹੈ ਕਿ ਐਂਬੂਲੈਂਸ ਦੀ ਲੋੜ ਤੇ ਐਮਰਜੈਂਸੀ ਦੇ ਮੱਦੇਨਜ਼ਰ ਕੋਈ ਵੀ ਇਸ ਨੂੰ ਤਿੰਨ ਘੰਟਿਆਂ ਤੋਂ ਜ਼ਿਆਦਾ ਸਮੇਂ ਲਈ ਨਹੀਂ ਰੱਖ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਪਾਜ਼ੀਟਿਵ ਮਰੀਜ਼ ਨੂੰ ਸ਼ਿਫਟ ਕਰਨ ਸਮੇਂ, ਜੇ ਲੋੜ ਹੋਵੇ ਤਾਂ, ਪੀ.ਪੀ.ਈ ਕਿੱਟ ਲਈ 500 ਰੁਪਏ ਚਾਰਜ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਕੋਵਿਡ-19 ਮਰੀਜ਼ਾਂ ਲਈ ਸਾਰੀਆਂ ਸਰਕਾਰੀ ਐਂਬੂਲੈਂਸ ਸੇਵਾਵਾਂ ਬਿਲਕੁਲ ਮੁਫ਼ਤ ਉਪਲਬਧ ਹਨ।