ਵਧੀਕ ਡਿਪਟੀ ਕਮਿਸ਼ਨਰ ਵੱਲੋਂ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਨਾਲ ਅਹਿਮ ਮੀਟਿੰਗ
ਜਲੰਧਰ, 12 ਜੁਲਾਈ : ਵਿਧਾਨ ਸਭਾ ਚੋਣਾਂ-2022 ਦੀਆਂ ਤਿਆਰੀਆਂ ਦੇ ਮੱਦੇਨਜ਼ਰ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਸ਼੍ਰੀ ਐਸ.ਕਰੁਣਾ ਰਾਜੂ ਵੱਲੋਂ ਦਿੱਤੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਚੋਣਾਂ/ਵੋਟਰ ਸੂਚੀ ਦੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਚੱਲ ਰਹੇ ਮਹੱਤਵਪੂਰਨ ਅਤੇ ਮਿਤੀਬੱਧ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਜਸਪ੍ਰੀਤ ਸਿੰਘ ਵੱਲੋਂ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਨੂੰ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ ਦੀ ਸਿਹਤ ਅਤੇ ਦਰੁੱਸਤੀ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਵੋਟਰ ਸੂਚੀ ਦੇ ਹੈਲਥ ਪੈਰਾਮੀਟਰਜ਼ ਵਿੱਚ ਡੀ.ਐਸ.ਈਜ਼. (ਡੈਮੋਗ੍ਰਾਫਿਕ ਐਂਟਰੀਜ਼, ਤਰਕਪੂਰਨ ਤਰੁੱਟੀਆਂ, (ਲੋਜੀਕਲ ਐਰਰ) ਅਤੇ ਰਿਪੀਟ ਈ.ਪੀ.ਆਈ.ਸੀ. ਨੂੰ ਹਟਾਉਣਾ, ਈ.ਆਰ.ਓ. ਨੈਟ ਵਿੱਚ ਪੈਡਿੰਗ ਫਾਰਮਾਂ (6,7,8,8ਏ) ਦਾ ਨਿਪਟਾਰਾ, ਸਰਵਿਸ ਵੋਟਰਾਂ ਦੇ ਨਿਪਟਾਰੇ ਦੇ ਫਾਰਮ, ਮ੍ਰਿਤਕ ਵੋਟਰਾਂ ਨੂੰ ਹਟਾਉਣਾ ਅਤੇ ਹੋਰ ਸ਼ਾਮਲ ਹੈ।
ਉਨ੍ਹਾਂ ਇਸ ਮੌਕੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਵੋਟਰ ਸੂਚੀ ਦੇ ਦੂਸਰੇ ਅਹਿਮ ਮੁੱਦਿਆਂ ‘ਤੇ ਵੀ ਧਿਆਨ ਦੇਣ ਲਈ ਵੀ ਕਿਹਾ ਅਤੇ ਪੈਂਡਿੰਗ ਕੰਮਾਂ ਨੂੰ ਤੁਰੰਤ ਮੁਕੰਮਲ ਕਰਨ ਦੀ ਹਦਾਇਤ ਕੀਤੀ, ਜਿਸ ਵਿੱਚ ਮਹੀਨਾਵਾਰ ਵੋਟਰ ਸ਼ਨਾਖਤੀ ਕਾਰਡਾਂ ਦੀ ਤਿਆਰੀ ਅਤੇ ਸਬੰਧਤ ਵੋਟਰਾਂ ਨੂੰ ਤਕਸੀਮ ਕਰਵਾਉਣਾ, ਈ-ਈ.ਪੀ.ਆਈ.ਸੀ. (e-EPIC) ਡਾਊਨਲੋਡ ਕਰਵਾਉਣ ਲਈ ਯੋਗ ਉਪਰਾਲੇ ਕਰਨ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਦੇ ਵੈਬ ਪੋਰਟਲ ਅਤੇ ਗਰੁੜ, ਪੀ.ਡਬਲਯੂ.ਡੀ. ਵੋਟਰ ਹੈਲਪਲਾਈਨ ਐਪ ਦੀ (GARUDA app, Pwd app, Voter Helpline app) ਦੀ ਵਰਤੋਂ ਸਬੰਧੀ ਸਮੂਹ ਬੂਥ ਲੈਵਲ ਅਫਸਰਾਂ, ਸੁਪਰਵਾਈਜ਼ਰਾਂ, ਈ.ਐਲ.ਸੀ. ਇੰਚਾਰਜ ਅਤੇ ਕੈਂਪਸ ਐਬੰਸਡਰਾਂ ਨੂੰ ਲੋੜੀਂਦੀ ਸਿਖਲਾਈ ਦੇਣਾ ਸ਼ਾਮਿਲ ਹਨ ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਗਾਮੀ ਵਿਧਾਨ ਸਭਾ ਚੋਣਾਂ-2022 ਦੌਰਾਨ ਪੋਲਿੰਗ ਸਟਾਫ਼ ਅਤੇ ਵੋਟਰਾਂ ਨੂੰ ਕੋਰੋਨਾ ਮਹਾਂਮਾਰੀ ਦੇ ਪ੍ਰਭਾਵ ਤੋਂ ਬਚਾਉਣ ਦੇ ਉਦੇਸ਼ ਨਾਲ ਪੋਲਿੰਗ ਸਟੇਸ਼ਨ ਵਿੱਚ ਵੋਟਰਾਂ ਦੀ ਗਿਣਤੀ ਨੂੰ 1500 ਤੋਂ ਘਟਾ ਕੇ 1000 ਕਰਨ ਦੀ ਲੋੜ ਦੇ ਮੱਦੇਨਜ਼ਰ ਜ਼ਿਲ੍ਹਾ ਜਲੰਧਰ ਦੇ ਮੌਜੂਦਾ 1866 ਪੋਲਿੰਗ ਸਟੇਸ਼ਨਾਂ ਵਿੱਚ ਤਕਰੀਬਨ 589 ਸਹਾਇਕ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਜਾਣੇ ਹਨ।
ਉਨ੍ਹਾਂ ਈ.ਆਰ.ਓਜ਼ ਨੂੰ ਕਿਹਾ ਕਿ ਸਹਾਇਕ ਪੋਲਿੰਗ ਸਟੇਸ਼ਨ ਸਥਾਪਿਤ ਕਰਨ ਤੋਂ ਪਹਿਲਾਂ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜ਼ੇਸ਼ਨ ਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ ਅਤੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜ਼ੇਸ਼ਨਜ਼ ਦੀ ਤਜ਼ਵੀਜ਼ ਜ਼ਿਲ੍ਹਾ ਚੋਣ ਦਫ਼ਤਰ ਨੂੰ ਭੇਜਣ ਤੋਂ ਪਹਿਲਾਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਇਸ ਸਬੰਧੀ ਸੁਝਾਅ/ਇਤਰਾਜ਼ ਪ੍ਰਾਪਤ ਕੀਤੇ ਜਾਣ ਤਾਂ ਜੋ ਆਗਾਮੀ ਚੋਣਾਂ ਦੌਰਾਨ ਰਾਜਨੀਤਿਕ ਪਾਰਟੀਆਂ/ਵੋਟਰਾਂ ਨੂੰ ਪੋਲਿੰਗ ਪ੍ਰਕਿਰਿਆ ਵਿੱਚ ਕਿਸੇ ਕਿਸਮ ਦੀ ਦਿੱਕਤ ਨਾ ਆਵੇ।
ਇਸ ਤੋਂ ਇਲਾਵਾ ਸ਼੍ਰੀ ਸਿੰਘ ਨੇ ਕਿਹਾ ਕਿ ਮੌਜੂਦਾ ਅਤੇ ਸੰਭਾਵਿਤ ਪੋਲਿੰਗ ਸਟੇਸ਼ਨਾਂ ਦੀ ਸੌ ਫੀਸਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਈ ਜਾਵੇ ਅਤੇ ਸਾਰੇ ਪੋਲਿੰਗ ਸਟੇਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਕੂਲ ਹੋਣ ਅਤੇ ਇਨ੍ਹਾਂ ਵਿੱਚ ਏ.ਐਮ.ਐਫ. (Assured Minimum Facilities) ਦੀ ਉਪਲਬੱਧਤਾ ਨੂੰ ਵੀ ਯਕੀਨੀ ਬਣਾਇਆ ਜਾਵੇ।
ਅਖੀਰ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ-2022 ਦੀਆਂ ਤਿਆਰੀਆਂ ਨੂੰ ਮੁੱਖ ਰੱਖਦੇ ਹੋਏ ਚੋਣਾਂ/ਵੋਟਰ ਸੂਚੀ ਨਾਲ ਸਬੰਧਤ ਪੈਡਿੰਗ ਕੰਮਾਂ ਨੂੰ ਮੁਕੰਮਲ ਕਰਨ ਲਈ ਨਿੱਜੀ ਤੌਰ ‘ਤੇ ਧਿਆਨ ਦੇਣ ਲਈ ਕਿਹਾ। ਇਸ ਦੇ ਨਾਲ ਉਨ੍ਹਾਂ ਮੁੱਖ ਦਫ਼ਤਰ ਦੀਆਂ ਹਦਾਇਤਾਂ ਅਨੁਸਾਰ ਵੋਟਰ ਜਾਗਰੂਕਤਾ ਕੈਂਪਾਂ ਵਿੱਚ 18-21 ਸਾਲ ਉਮਰ ਵਰਗ ਦੇ ਨੌਜਵਾਨ ਵੋਟਰਾਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ ਅਤੇ ਕਮਿਸ਼ਨ ਦੇ ਵੈਬ-ਪੋਰਟਲ www.nvsp.in, www.voterportal.eci.gov.in ਤੇ ਪੀ.ਡਬਲਯੂ.ਡੀ.ਐਪ, ਵੋਟਰ ਹੈਲਪਲਾਈਨ ਦੀ ਵਰਤੋਂ ਲਈ ਪ੍ਰੇਰਿਤ ਕਰਨ ਲਈ ਵੀ ਕਿਹਾ।