ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੇ ਬਦਲੀ ਗੁਰਭੇਜ ਸਿੰਘ ਦੀ ਜ਼ਿੰਦਗੀ
ਪਟਿਆਲਾ, 13 ਜੁਲਾਈ 2021 : ਕੋਵਿਡ-19 ਮਹਾਂਮਾਰੀ ਦੇ ਔਖੇ ਦੌਰ ‘ਚ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੇ ਮੇਰੀ ਜ਼ਿੰਦਗੀ ‘ਚ ਸਕਾਰਾਤਮਕ ਬਦਲਾ ਲਿਆਉਣ ‘ਚ ਅਹਿਮ ਭੂਮਿਕਾ ਨਿਭਾਈ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਲਗਾਏ ਪਲੇਸਮੈਂਟ ਕੈਂਪ ‘ਚ ਨੌਕਰੀ ਪ੍ਰਾਪਤ ਕਰਨ ਵਾਲੇ ਗੁਰਭੇਜ ਸਿੰਘ ਨੇ ਕੀਤਾ।
ਰੋਜ਼ਗਾਰ ਬਿਊਰੋ ਦਾ ਧੰਨਵਾਦ ਕਰਦਿਆ ਗੁਰਭੇਜ ਸਿੰਘ ਨੇ ਦੱਸਿਆ ਕਿ ਉਹ ਪੀ.ਜੀ.ਡੀ.ਸੀ.ਏ ਪਾਸ ਕਰਨ ਤੋਂ ਬਾਅਦ ਇੱਕ ਵਧੀਆ ਨੌਕਰੀ ਦੀ ਤਲਾਸ਼ ਵਿੱਚ ਸੀ, ਪ੍ਰੰਤੂ ਕੋਈ ਵੀ ਵਧੀਆ ਨੌਕਰੀ ਨਹੀਂ ਮਿਲ ਰਹੀਂ ਸੀ ਉੱਪਰੋਂ ਕੋਵਿਡ ਕਾਰਨ ਹੋਰ ਵੀ ਆਰਥਿਕ ਤੰਗੀ ਆਉਣ ਲੱਗੀ ਤਾਂ ਮੇਰੇ ਦੋਸਤ ਨੇ ਮੈਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਦੱਸਿਆ ਅਤੇ ਮੈਨੂੰ ਰੋਜ਼ਗਾਰ ਦਫ਼ਤਰ ‘ਚ ਨਾਮ ਦਰਜ ਕਰਾਉਣ ਲਈ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਮੈਂ ਜ਼ਿਲ੍ਹਾ ਬਿਊਰੋ ਆਫ਼ ਰੋਜ਼ਗਾਰ ਅਤੇ ਕਾਰੋਬਾਰ ਪਟਿਆਲਾ ਵਿਖੇ ਪਹੁੰਚ ਕੇ ਪੀ.ਜੀ.ਆਰ.ਕਾਮ ਪੋਰਟਲ ‘ਤੇ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ। ਇਸ ਤੋਂ ਬਾਅਦ ਮੈਨੂੰ ਯੋਗਤਾ ਮੁਤਾਬਿਕ ਨੌਕਰੀਆਂ ਦੇ ਐਸ.ਐਮ.ਐਸ ਰਜਿਸਟਰਡ ਮੋਬਾਇਲ ਨੰਬਰ ਆਉਣੇ ਸ਼ੁਰੂ ਹੋ ਗਏ।
ਗੁਰਭੇਜ ਸਿੰਘ ਨੇ ਦੱਸਿਆ ਕਿ ਇਕ ਦਿਨ ਉਸਨੂੰ ਰੋਜ਼ਗਾਰ ਦਫ਼ਤਰ ਪਟਿਆਲਾ ਵੱਲੋਂ ਆਈ.ਸੀ.ਆਈ.ਸੀ.ਆਈ ਬੈਂਕ ਦੇ ਬਰਾਂਚ ਸੇਲਜ਼ ਅਫਸਰ ਦੀ ਅਸਾਮੀ ਦੀ ਇੰਟਰਵਿਊ ਬਾਰੇ ਐਸ.ਐਮ.ਐਸ ਰਾਹੀਂ ਪਤਾ ਲੱਗਿਆ। ਆਨਲਾਈਨ ਇੰਟਰਵਿਊ ਦੇਣ ਤੋਂ ਬਾਅਦ ਬੈਂਕ ਵੱਲੋਂ ਉਸਦੀ 1.70 ਲੱਖ ਸਾਲਾਨਾ ਪੈਕੇਜ ਤੇ ਬਰਾਂਚ ਸੇਲਜ਼ ਅਫਸਰ ਵਜੋਂ ਸਿਲੈੱਕਸ਼ਨ ਹੋਈ। ਇਸ ਤਰ੍ਹਾਂ ਮੇਰੇ ਇਕ ਬਿਊਰੋ ਦੀ ਫੇਰੀ ਨੇ ਮੈਨੂੰ ਇਕ ਚੰਗੇ ਅਦਾਰੇ ‘ਚ ਨੌਕਰੀ ਦਵਾ ਦਿੱਤੀ ਅਤੇ ਇਕ ਕੋਵਿਡ ਸੰਕਟ ਦੌਰਾਨ ਮੈਨੂੰ ਰੋਜ਼ਗਾਰ ਦਾ ਵਧੀਆਂ ਮੌਕਾ ਪ੍ਰਦਾਨ ਕੀਤਾ।
ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਹੋਰਨਾਂ ਨੌਜਵਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਰੋਜ਼ਗਾਰ ਤੇ ਸਵੈ ਰੋਜ਼ਗਾਰ ਦੇ ਬਿਹਤਰ ਮੌਕੇ ਪ੍ਰਾਪਤ ਕਰਨ ਲਈ ਬਿਊਰੋ ਵਿਖੇ ਆਪਣਾ ਨਾਮ ਦਰਜ਼ ਜ਼ਰੂਰ ਕਰਵਾਉਣ ਅਤੇ ਬਿਊਰੋ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਲਾਭ ਜ਼ਰੂਰ ਉਠਾਉਣ।