ਮੱਕੀ ਦੀ ਫ਼ਸਲ ’ਤੇ ਫਾਲ ਆਰਮੀਫਰਮ ਕੀੜੇ ਦੇ ਬਚਾਅ ਲਈ ਕੀਤਾ ਜਾਵੇ ਛਿੜਕਾਅ : ਡਾ. ਵਿਨੇ ਕੁਮਾਰ
ਹੁਸ਼ਿਆਰਪੁਰ, 13 ਜੁਲਾਈ 2021 : ਪੰਜਾਬ ਵਿਚ ਮੱਕੀ ਦੀ ਫ਼ਸਲ ’ਤੇ ਦੇਖੇ ਗਏ ਫਾਲ ਆਰਮੀਫਰਮ ਕੀੜੇ ਦੇ ਮੱਦੇਨਜ਼ਰ ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੇ ਕੁਮਾਰ ਨੇ ਦੱਸਿਆ ਕਿ ਇਸ ਕੀੜੇ ਦੇ ਸ਼ੁਰੂਆਤੀ ਹਮਲੇ ਦੀ ਰੋਕਥਾਮ ਆਸਾਨੀ ਨਾਲ ਕੀਤੀ ਜਾ ਸਕਦੀ ਹੈ।
ਡਾ. ਵਿਨੇ ਕੁਮਾਰ ਨੇ ਦੱਸਿਆ ਕਿ ਫਾਲ ਆਰਮੀਫਰਮ ਕੀੜਾ ਬਹੁਤ ਤੇਜ਼ੀ ਨਾਲ ਫੈਲਦਾ ਹੈ ਅਤੇ ਇਸ ਦੀ ਮਾਦਾ ਪਤੰਗਾ 1000 ਤੋਂ ਵੱਧ ਅੰਡੇ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਫਾਲ ਆਰਮੀਫਰਮ ਕੀੜੇ ਦਾ ਮੱਕੀ ਦੀ ਫ਼ਸਲ ’ਤੇ ਹਮਲਾ ਦੇਖਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਕਿਸਾਨ ਖੇਤਾਂ ਦਾ ਚੰਗੀ ਤਰ੍ਹਾਂ ਸਰਵੇਖਣ ਕਰਦੇ ਰਹਿਣ ਅਤੇ ਹਮਲਾ ਦਿਖਾਈ ਦਿੰਦੇ ਸਾਰ ਹੀ ਢੁਕਵੀਂ ਰੋਕਥਾਮ ਲਈ ਉਪਰਾਲਾ ਕਰਨ। ਉਨ੍ਹਾਂ ਦੱਸਿਆ ਕਿ ਸ਼ੁਰੂਆਤ ਵਿਚ ਛੋਟੀਆਂ ਸੁੰਡੀਆ ਪੱਤੇ ਦੀ ਪਰਤ ਨੂੰ ਖੁਰਚ ਕੇ ਖਾਂਦੀਆਂ ਹਨ ਜਿਸ ਕਾਰਨ ਪੱਤਿਆਂ ’ਤੇ ਲੰਬੇ ਅਕਾਰ ਦੇ ਕਾਗਜੀ ਨਿਸ਼ਾਨ ਬਣਦੇ ਹਨ। ਉਨ੍ਹਾਂ ਦੱਸਿਆ ਕਿ ਕੀੜੇ ਦੇ ਹਮਲੇ ਦਾ ਪਤਾ ਲੱਗਣ ’ਤੇ ਰੋਕਥਾਮ ਲਈ 0.5 ਮਿਲੀਲੀਟਰ ਡੈਲੀਗੇਟ 11.7 ਐਸ.ਸੀ. (ਸਪਾਈਨਟੋਰਮ ਜਾਂ 0.4 ਮਿਲੀਲੀਟਰ ਕੋਰਾਜਨ 18.5 ਐਸ.ਸੀ. (ਕਲੋਰਐਂਟਰਾਨਿਲੀਪਰੋਲ) ਜਾਂ 0.4 ਗਰਾਮ ਮਿਜਾਇਲ 5 ਐਸ.ਜੀ. (ਐਮਾਮੈਕਟਿਨ ਬੈਂਜੋਏਟ) ਪ੍ਰਤੀ ਲੀਟਰ ਪਾਣੀ ’ਚ ਘੋਲ ਕੇ ਛਿੜਕਾਅ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ 20 ਦਿਨਾਂ ਤੱਕ ਦੀ ਫ਼ਸਲ ਲਈ 120 ਲੀਟਰ ਘੋਲ ਅਤੇ ਇਸ ਤੋਂ ਵੱਡੀ ਫ਼ਸਲ ਅਤੇ ਵਾਧੇ ਅਨੁਸਾਰ ਘੋਲ ਦੀ ਮਾਤਰਾ 200 ਲੀਟਰ ਪ੍ਰਤੀ ਏਕੜ ਤੱਕ ਵਧਾਈ ਜਾਵੇ। ਉਨ੍ਹਾਂ ਦੱਸਿਆ ਕਿ ਜੇਕਰ ਹਮਲਾ ਧੌੜੀਆ ਵਿੱਚ ਹੋਵੇ ਜਾਂ ਛਿੜਕਾਅ ਵਿਚ ਮੁਸ਼ਕਲ ਆਵੇ ਤਾਂ ਮਿੱਟੀ ਅਤੇ ਕੀਟਨਾਸ਼ਕ ਦੇ ਮਿਸ਼ਰਣ (ਅੱਧਾ ਗਰਾਮ ਦਾ) ਛਿੜਕਾਅ ਕੀਤਾ ਜਾਵੇ।