ਮੱਕੀ ਦੀ ਫਸਲ ਤੋਂ ਵਧੇਰੇ ਪੈਦਾਵਾਰ ਲੈਣ ਲਈ ਸੰਤੁਲਤ ਖਾਦਾਂ ਦੀ ਵਰਤੋਂ ਕਰਨੀ ਜ਼ਰੂਰੀ :ਡਾ. ਹਰਤਰਨਪਾਲ ਸਿੰਘ
ਪਠਾਨਕੋਟ:22 ਜੂਨ 2021 :
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਸੁਖਦੇਵ ਸਿੰਘ ਸਿੱਧੂ ਦੇ ਹੁਕਮਾਂ ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਵੱਲੋਂ ਡਾ. ਹਰਤਰਨਪਾਲ ਸਿੰਘ ਸੈਣੀ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਸਾਉਣੀ ਦੌਰਾਨ ਮੱਕੀ ਦੀ ਫਸਲ ਹੇਠ ਰਕਬਾ ਵਧਾਉਣ ਅਤੇ ਕਿਸਾਨਾਂ ਨੂੰ ਤਕਨੀਕੀ ਤੌਰ ਤੇ ਮਜ਼ਬੂਤ ਕਰਨ ਦੇ ਮੰਤਵ ਨਾਲ ਚਲਾਈ ਜਾ ਮੁਹਿੰਮ ਤਹਿਤ ਬਲਾਕ ਪਠਾਨਕੋਟ ਦੇ ਪਿੰਡ ਭਨਵਾਲ ਵਿੱਚ ਐਗਰੀਕਲਚਰਲ ਟੈਕਨਾਲੋਜੀ ਮੈਨੇਜਮੈਂਟ ਏਜੰਸੀ (ਆਤਮਾ) ਤਹਿਤ ਫਾਰਮ ਸਕੂਲ ਦੀ ਸ਼ੁਰੂਆਤ ਕੀਤੀ ਗਈ।ਫਾਰਮ ਸਕੂਲ ਲਗਾਉਣ ਦਾ ਮੁੱਖ ਮਕਸਦ ਕਿਸਾਨਾਂ ਨੂੰ ਮੱਕੀ ਦੀ ਕਟਾਈ ਤੱਕ ਛੇ ਕਲਾਸਾਂ ਲਗਾ ਕੇ ਘੱਟੋ ਘੱਟ 28 ਮੱਕੀ ਕਾਸਤਕਾਰਾਂ ਨੂੰ ਤਕਨੀਕੀ ਤੌਰ ਤੇ ਮਜ਼ਬੂਤ ਕਰਨਾ ਹੈ।ਇਸ ਮੌਕੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਸ਼੍ਰੀ ਗੁਰਦਿੱਤ ਸਿੰਘ ਖੇਤੀਬਾਵੀ ਵਿਸਥਾਰ ਅਫਸਰ ਦੇ ਪ੍ਰਬੰਧਾਂ ਹੇਠ ਲਗਾਏ ਇਸ ਫਾਰਮ ਸਕੂਲ ਵਿੱਚ ਡਾ. ਅਮਰੀਕ ਸਿੰਘ ਖੇਤੀਬਾੜੀ ਅਫਸਰ-ਕਮ-ਇੰਚਾਰਜ ਬੀ.ਟੀ.ਟੀ,ਡਾ. ਸੀਮਾ ਸ਼ਰਮਾ ਫਸਲ ਵਿਗਿਆਨੀ ਕਿ੍ਰਸ਼ੀ ਵਿਗਿਆਨ ਕੇਂਦਰ,ਡਾ. ਵਿਕ੍ਰਾਂਤ ਧਵਨ,ਡਾ. ਸੁਖਪ੍ਰੀਤ ਸਿੰਘ ਡਿਪਟੀ ਪੀ ਡੀ ਆਤਮਾ, ਸ਼੍ਰੀ ਸੁਭਾਸ਼ ਚੰਦਰ ਖੇਤੀਬਾੜੀ ਵਿਸਥਾਰ ਅਫਸਰ, ਅਮਨਦੀਪ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ (ਆਤਮਾ),ਉਦਮੀ ਕਿਸਾਨ ਸੱਟਪਾਲ ਸਿੰਘ,ਪ੍ਰਸ਼ੋਤਮ ਲਾਲ,ਬਲਵਾਨ ਸਿੰਘ ਸਮੇਤ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਡਾ. ਹਰਤਰਨਪਾਲ ਸਿੰਘ ਨੇ ਕਿਸਾਨ ਭਲਾਈ ਚਲਾਈਆ ਜਾ ਰਹੀਆਂ ਸਕੀਮਾਂ ਬਾਰੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲਾ ਪਠਾਨਕੋਟ ਵਿੱਚ ਝੋਨੇ ਹੇਠੋਂ ਰਕਬਾ ਕੱਢ ਕੇ ਹੋਰਨਾਂ ਫਸਲਾਂ ਜਿਵੇਂ ਮੱਕੀ,ਮਾਂਹ,ਤਿਲ,ਚਾਰਾ ਆਦਿ ਹੇਠ 9000 ਹੈਕਟੇਅਰ ਰਕਬਾ ਕਰਨ ਦਾ ਟੀਚਾ ਮਿਥਿਆ ਗਿਆ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਤਕਨੀਕ ਪੱਖੋਂ ਮਜ਼ਬੂਤ ਕਰਨ ਲਈ ਫਾਰਮ ਸਕੂਲ ਅਤੇ ਆਨ ਲਾਈਨ ਵੈਬੀਨਾਰ ਲਗਾਏ ਜਾ ਰਹੇ ਹਨ। ਉਨਾਂ ਕਿਹਾ ਕਿ ਮੱਕੀ ਦੀ ਫਸਲ ਤੋਂ ਵਧੇਰੇ ਪੈਦਾਵਾਰ ਲੈਣ ਲਈ ਜ਼ਰੂਰੀ ਹੈ ਕਿ ਕਾਸ਼ਤਕਾਰੀ ਸਿਫਾਰਸਾਂ ਅਪਣਾਈਆਂ ਜਾਣ ਤਾਂ ਜੋ ਖੇਤੀ ਲਾਗਤ ਖਰਚੇ ਘਟਾ ਕੇ ਪ੍ਰਤੀ ਹੈਕਟੇਅਰ ਪੈਦਾਵਾਰ ਵਿੱਚ ਵਾਧਾ ਕੀਤਾ ਜਾ ਸਕੇ। ਉਨਾਂ ਕਿਹਾ ਕਿ ਮੱਕੀ ਦੀ ਫਸਲ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਛੱਟਾ ਵਿਧੀ ਦੀ ਬਿਜਾਏ ਡਰਿੱਲ ਨਾਲ ਕੇਰ ਕੇ ਜਾਂ ਡੂੰਘੀ ਖਾਲੀ ਵਿਧੀ ਜਾਂ ਵੱਟਾਂ ਉੱਪਰ ਚੋਗ ਕੇ ਕੀਤੀ ਜਾਵੇ।
ਮੱਕੀ ਦੀ ਕਾਸ਼ਤ ਬਾਰੇ ਜਾਣਕਾਰੀ ਦਿੰਦਿਆਂ ਡਾ ਅਮਰੀਕ ਸਿੰਘ ਨੇ ਕਿਹਾ ਕਿ ਸਾਉਣੀ ਦੌਰਾਨ ਮੱਕੀ ਦੀ ਕਾਸਤ ਵਿੱਚ ਕੁਝ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਂਦਾ ਹੈ,ਜਿਸ ਵਿੱਚੋਂ ਮੱਕੀ ਦੇ ਟਾਂਡੇ ਗਲਣ ਦੀ ਸਮੱਸਿਆ ਜ਼ਿਆਦਾ ਗੰਭੀਰ ਹੋਣ ਕਾਰਨ ਪੈਦਾਵਾਰ ਤੇ ਬੁਰਾ ਪ੍ਰਭਾਵ ਪੈਂਦਾ ਹੈ।ਉਨਾਂ ਕਿਹਾ ਕਿ ਡਬਲ ਡੀਕਾਲਬ ਕਿਸਮ ਨੂੰ ਇਹ ਰੋਗ ਜ਼ਿਆਦਾ ਪ੍ਰਭਾਵਤ ਕਰਦਾ ਹੈ ਜਦ ਕਿ ਪੀ ਐਮ ਐਚ-13 ਕਿਸਮ ਇਸ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਉਨਾਂ ਕਿਹਾ ਕਿ ਖੇਤਾਂ ਵਿੱਚੋਂ ਬਰਸਾਤ ਦੇ ਪਾਣੀ ਦੇ ਨਿਕਾਸ ਦਾ ਠੀਕ ਪ੍ਰਬੰਧ ਨਾਂ ਹੋਣ ਕਾਰਨ ਪਾਣੀ ਨੀਵੀਆਂ ਥਾਵਾਂ ਤੇ ਰੁਕ ਜਾਂਦਾ ਹੈ, ਜਿਸ ਨਾਲ ਰੋਗ ਬਹੁਤ ਤੇਜ਼ੀ ਨਾਲ ਫੈਲਦਾ ਹੈ ਅਤੇ ਤਣਾ ਮੁਢੋਂ ਜਾਂ ਦੂਜੀ ਤੀਜੀ ਗੰਢ ਤੋਂ ਟੁੱਟ ਜਾਂਦਾ ਹੈ।
ਡਾ. ਸੀਮਾ ਸ਼ਰਮਾ ਨੇ ਕਿਹਾ ਕਿ ਮੱਕੀ ਦੀ ਬਿਜਾਈ ਸਮੇਂ ਲਾਈਨ ਤੋਂ ਲਾਈਨ ਵਿੱਚ ਫਾਸਲਾ ਦੋ ਫੁੱਟ ਅਤੇ ਬੂਟੇ ਤੋਂ ਬੂਟੇ ਵਿੱਚ 20 ਸੈ.ਮੀ. ਰੱਖਣਾ ਚਾਹੀਦਾ। ਉਨਾਂ ਕਿਹਾ ਕਿ ਪ੍ਰਤੀ ਏਕੜ ਬੂਟਿਆਂ ਦੀ ਗਿਣਤੀ 32 ਤੋਂ 33 ਹਜ਼ਾਰ ਹੋਣੀ ਚਾਹੀਦੀ ਹੈ। ਉਨਾਂ ਕਿਹਾ ਕਿ ਮੱਕੀ ਦੇ ਗੋਡੇ-ਗੋਡੇ ਹੋਣ ਤੇ ਰਿਜ਼ਰ ਨਾਲ ਮਿੱਟੀ ਚਾੜ ਦੇਣੀ ਚਾਹੀਦੀ ਹੈ ਤਾਂ ਜੋ ਤੇਜ਼ ਹਵਾਵਾਂ ਨਾਲ ਮੱਕੀ ਦੀ ਫਸਲ ਨੂੰ ਡਿੱਗਣ ਤੋਂ ਬਚਾਇਆ ਜਾ ਸਕੇ। ਡਾ. ਵਿਕ੍ਰਾਂਤ ਧਵਨ ਨੇ ਕਿਹਾ ਕਿ ਇਸ ਫਾਰਮ ਸਕੂਲ ਦੌਰਾਨ ਫਸਲ ਦੇ ਪੱਕਣ ਤੱਕ ਵੱਖ -ਵੱਖ ਪੜਾਅ ਤੇ 6 ਕਲਾਸਾਂ ਲਗਾਈਆਂ ਜਾਣਗੀਆਂ ਜਿਸ ਵਿੱਚ ਮੱਕੀ ਕਾਸਤਕਾਰਾਂ ਨੂੰ ਕਾਸਤਕਾਰੀ ਅਤੇ ੲਕੀਕਿ੍ਰਤ ਕੀਟ ਪ੍ਰਬੰਧ ਵਿਧੀ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ।
ਅਗਾਂਹਵਧੂ ਕਿਸਾਨ ਸਤਪਾਲ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਠਾਨਕੋਟ ਜ਼ਿਲੇ ਵਿੱਚ ਮੱਕੀ ਦੇ ਮੰਡੀਕਰਨ ਦੀ ਸਮੱਸਿਆ ਲਈ ਮੱਕੀ ਦੀ ਖ੍ਰੀਦ ਨੂੰ ਘੱਟੋ ਘੱਟ ਸਮਰਥਨ ਮੁੱਲ ਤੇ ਖ੍ਰੀਦਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਵਧੇਰੇ ਕਿਸਾਨ ਮੱਕੀ ਦੀ ਕਾਸ਼ਤ ਲਈ ਉਤਸ਼ਾਹਿਤ ਹੋ ਸਕਣ। ਸਟੇਜ ਸਕੱਤਰੀ ਦੇ ਫਰਜ਼ ਗੁਰਦਿੱਤ ਸਿੰਘ ਨੇ ਬਾਖੂਬੀ ਨਿਭਾਏ।