ਮੁੱਖ ਮੰਤਰੀ ਰਾਹਤ ਫੰਡ ਚੋਂ ਲਹਿਰਾਗਾਗਾ ਦੇ ਲੋੜਵੰਦ ਪਰਿਵਾਰ ਨੂੰ 2 ਲੱਖ ਦੀ ਸਹਾਇਤਾ ਰਾਸ਼ੀ ਦਾ ਚੈਂਕ ਭੇਂਟ
ਰਾਧਾ ਦੀ ਮਾਤਾ ਨੂੰ ਲਹਿਰਾਗਾਗਾ ਨਗਰ ਕੌਂਸਲ ’ਚ ਕੰਟਰੈਕਟ ’ਤੇ ਨੌਕਰੀ ਮੁਹੱਈਆ ਕਰਵਾਈ-ਡਿਪਟੀ ਕਮਿਸ਼ਨਰ
ਲਹਿਰਾਗਾਗਾ/ਸੰਗਰੂਰ, 01 ਜੂਨ 2021
ਕਸਬਾ ਲਹਿਰਾਗਾਗਾ ਦੀ ਰਹਿਣ ਵਾਲੀ 13 ਸਾਲਾਂ ਦੀ ਲੜਕੀ ਰਾਧਾ ਵੱਲੋਂ ਆਪਣੇ ਬਿਮਾਰ ਪਿਤਾ ਦੇ ਇਲਾਜ਼ ਅਤੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਹੱਥੀ ਤਿਆਰ ਕਰਕੇ ਬਾਜ਼ਾਰਾਂ ’ਚ ਵੇਚੇ ਜਾਂਦੇ ਲਿਫਾਫਿਆਂ ਦੇ ਮਾਮਲੇ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੰਭੀਰਤਾ ਨਾਲ ਲਿਆ। ਰਾਧਾ ਦੇ ਪਰਿਵਾਰ ਦੀ ਆਰਥਿਕ ਤੌਰ ’ਤੇ ਸਹਾਇਤਾ ਕਰਨ ਲਈ ਪੰਜਾਬ ਸਰਕਾਰ ਵੱਲੋਂਂ ਮੁੱਖ ਮੰਤਰੀ ਰਾਹਤ ਫੰਡ ਚੋਂ ਲੋੜਵੰਦ ਪਰਿਵਾਰ ਨੂੰ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਭੇਜਿਆ ਗਿਆ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਮਵੀਰ ਨੇ ਦਿੱਤੀ।
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਐਸ.ਡੀ.ਐਮ. ਲਹਿਰਾਗਾਗਾ ਪ੍ਰੋਮੋਦ ਸਿੰਗਲਾ ਵੱਲੋਂ ਰਾਧਾ ਦੇ ਪਰਿਵਾਰ ਨੂੰ ਰਾਜ ਸਰਕਾਰ ਵੱਲੋਂ 2 ਲੱਖ ਰੁਪਏ ਦੀ ਭੇਜੀ ਸਹਾਇਤਾ ਰਾਸ਼ੀ ਦਾ ਚੈਕ ਮੁਹੱਈਆ ਕਰਵਾ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਰਾਧਾ ਦੀ ਮਾਤਾ ਨੂੰ ਬੀਤੇ ਕੁੱਝ ਦਿਨ ਪਹਿਲਾ ਲਹਿਰਾਗਾਗਾ ਨਗਰ ਕੌਸ਼ਲ ਵਿਖੇ ਕੰਟਰੈਕਟ ਦੇ ਆਧਾਰ ’ਤੇ ਨੌਕਰੀ ਦਿੱਤੀ ਗਈ ਹੈ, ਤਾਂ ਜੋ ਰਾਧਾ ਦੇ ਪਰਿਵਾਰ ਦਾ ਗੁਜ਼ਾਰਾ ਚਲ ਸਕੇ। ਉਨਾਂ ਦੱਸਿਆ ਕਿ ਪਰਿਵਾਰ ਵੱਲੋਂ ਨਗਰ ਕੋਸ਼ਲ ਲਹਿਰਾਗਾਗਾ ਨੂੰ ਕੱਚੇ ਮਕਾਨ ਨੂੰ ਪੱਕੇ ਕਰਨ ਦਾ ਕੇਸ ਭੇਜਿਆ ਗਿਆ ਹੈ, ਜਿਸਨੂੰ ਪਹਿਲਕਦਮੀ ਨਾਲ ਅਮਲ ’ਚ ਲਿਆਉਣ ਲਈ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ।
ਰਾਧਾ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਅਤੇ ਉਸਦੇ ਪਿਤਾ ਦੇ ਇਲਾਜ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਪ੍ਰਾਪਤ ਰਾਸ਼ੀ ਦਾ ਚੈਂਕ ਦੇਣ ਗਏ ਐਸ.ਡੀ.ਐਮ. ਲਹਿਰਾਗਾਗਾ ਸ੍ਰੀ ਪ੍ਰਮੋਦ ਸਿੰਗਲਾ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਕਾਰਜ਼ਸੀਲ ਹੈ। ਉਨਾਂ ਦੱਸਿਆ ਕਿ ਚੈਂਕ ਮਿਲਣ ’ਤੇ ਰਾਧਾ ਦੇ ਬਿਮਾਰ ਪਿਤਾ ਸੰਜੀਵ ਕੁਮਾਰ ਅਗਰਵਾਲ ਅਤੇ ਹੋਰਨਾ ਪਰਿਵਾਰਕ ਮੈਂਬਰਾਂ ਸਮੇਤ ਰਾਧਾ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ। ਇਸ ਮੌਕੇ ਭਾਵੁਕ ਹੋਏ ਰਾਧਾ ਦੇ ਪਿਤਾ ਸੰਜੀਵ ਕੁਮਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਖੁਦ ਨਿੱਜੀ ਤੌਰ ਤੇ ਉਨ੍ਹਾਂ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਗੱਲਬਾਤ ਕਰਕੇ ਸਾਰੇ ਸਥਿਤੀ ਬਾਰੇ ਪੁੱਛਿਆ ਸੀ।