ਮੁਫ਼ਤ ਉਰਦੂ ਆਮੋਜ਼ ਕੋਰਸ ਜੁਲਾਈ 1 ਤੋਂ
ਹੁਸ਼ਿਆਰਪੁਰ, 17 ਜੂਨ :
ਭਾਸ਼ਾ ਵਿਭਾਗ ਪੰਜਾਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਰਦੂ ਜ਼ੁਬਾਨ ਸਿੱਖਣ ਦੇ ਚਾਹਵਾਨ ਵਿਅਕਤੀਆਂ ਲਈ ਉਰਦੂ ਆਮੋਜ਼ ਕੋਰਸ ਜੁਲਾਈ 2021 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਭਾਸ਼ਾ ਅਫ਼ਸਰ ਸ਼੍ਰੀਮਤੀ ਅਵਿਨਾਸ਼ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਰਦੂ ਦਾ ਇਹ 6 ਮਹੀਨੇ ਦਾ ਕੋਰਸ ਬਿਲਕੁੱਲ ਮੁਫ਼ਤ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਰਦੂ ਸਿੱਖਣ ਦੇ ਚਾਹਵਾਨ ਵਿਅਕਤੀ ਦਾਖਲਾ ਫਾਰਮ ਜ਼ਿਲ੍ਹਾ ਭਾਸ਼ਾ ਦਫ਼ਤਰ, ਤੀਜੀ ਮੰਜ਼ਿਲ, ਕਮਰਾ ਨੰ: 307-309, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਤੋਂ ਕਿਸੇ ਵੀ ਕੰਮ ਕਾਜ ਵਾਲੇ ਦਿਨ ਮੁਫ਼ਤ ਪ੍ਰਾਪਤ ਕਰਕੇ ਸਿਖਲਾਈ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਿਨੈਪੱਤਰ ਸਾਧਾਰਣ ਕਾਗਜ਼ ’ਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਦੇ ਦਫ਼ਤਰ ਵੀ ਭੇਜਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਰਦੂ ਦੀ ਕਲਾਸ 1 ਜੁਲਾਈ 2021 ਤੋਂ ਸ਼ੁਰੂ ਕੀਤੀ ਜਾਵੇਗੀ।