ਮੀਡੀਏ ਨੂੰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦਾ ਸੱਦਾ
ਫਤਹਿਗੜ੍ਹ ਸਾਹਿਬ, 17 ਜੂਨ
ਪ੍ਰਸ਼ਾਸਨ ਅਤੇ ਮੀਡੀਆ ਵਿਚਕਾਰ ਆਪਸੀ ਤਾਲਮੇਲ ਹੋਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਮੀਡੀਆ ਲੋਕਾਂ ਦੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਪ੍ਰਸ਼ਾਸਨ ਨੂੰ ਅਤੇ ਪ੍ਰਸਾਸ਼ਨ ਵੱਲੋਂ ਕੀਤੇ ਜਾਂਦੇ ਕੰਮਾਂ ਅਤੇ ਸਰਕਾਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਇੱਕ ਅਹਿਮ ਕੜੀ ਦਾ ਕੰਮ ਕਰਦਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੁਰਭੀ ਮਲਿਕ ਨੇ ਬੱਚਤ ਭਵਨ ਵਿਖੇ ਪੱਤਰਕਾਰਾਂ ਨਾਲ ਕੀਤੀ ਪਲੇਠੀ ਮਿਲਣੀ ਦੌਰਾਨ ਕੀਤਾ।
ਡਿਪਟੀ ਕਮਿਸ਼ਨਰ ਨੇ ਜਿਲ੍ਹੇ ਵਿੱਚ ਕੋਵਿਡ 19 ਦੇ ਮੌਜੂਦਾ ਹਾਲਤਾਂ ਬਾਰੇ ਗੱਲਬਾਤ ਕਰਦਿਆ ਕਿਹਾ ਕਿ ਕੋਰੋਨਾ ਵਾਇਰਸ ਦੀ ਸੰਭਾਵੀ ਤੀਜੀ ਲਹਿਰ ਨੂੰ ਆਉਣ ਤੋ ਰੋਕਣ ਲਈ ਜਿਲ੍ਹੇ ਦੇ ਸਾਰੇ ਲੋਕਾਂ ਨੂੰ ਵੈਕਸੀਨੇਸ਼ਨ ਕਰਾਉਣ ਲਈ ਜਾਗਰੂਕ ਕੀਤਾ ਜਾਵੇ ਤਾਂ ਜੋ ਜਿਲ੍ਹੇ ਵਿੱਚ 100 ਫੀਸਦੀ ਵੈਕਸੀਨੇਸ਼ਨ ਹੋ ਸਕੇ।ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ, ਲੋਕਾਂ ਵਿੱਚ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋ ਬਚਾਉਣ ਲਈ, ਹਾਂਪੱਖੀ ਖਬਰਾਂ ਪ੍ਰਕਾਸ਼ਿਤ ਕਰਕੇ ਲੋਕਾਂ ਨੂੰ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਕੀਤਾ ਜਾਵੇ ਤਾਂ ਜੋ ਜਿਲ੍ਹੇ ਨੂੰ ਕੋਰੋਨਾ ਮੁਕਤ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਕਈ ਵਾਰ ਪੱਤਰਕਾਰਾਂ ਕੋਲ ਅਜਿਹੀ ਸੂਚਨਾਂ ਹੁੰਦੀ ਹੈ ਜਿਸਨੂੰ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਸਾਂਝੀ ਕਰਨ ਨਾਲ ਆਉਣ ਵਾਲੀ ਸਮੱਸਿਆ ਦਾ ਪਹਿਲਾਂ ਹੀ ਹੱਲ ਹੋ ਜਾਂਦਾ ਹੈ। ਉਨ੍ਹਾਂ ਪੱਤਰਕਾਰਾਂ ਨੂੰ ਸਮੇਂ ਸਮੇਂ ਸਿਰ ਅਜਿਹੀਆਂ ਸੂਚਨਾਵਾਂ ਨੂੰ ਸਾਂਝੀ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਨੇ ਮੀਡੀਏ ਨੂੰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਪ੍ਰਤੀ ਲੋਕਾਂ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਦਾ ਸੱਦਾ ਵੀ ਦਿੱਤਾ ਤਾਂ ਜੋ ਕੋਈ ਵੀ ਲੋੜਵੰਦ ਵਿਅਕਤੀ ਭਲਾਈ ਸਕੀਮਾਂ ਤੋਂ ਵਾਝਾਂ ਨਾ ਰਹੇ। ਉਨ੍ਹਾਂ ਹੋਰ ਕਿਹਾ ਕਿ ਉਨ੍ਹਾਂ ਦਾ ਮੁੱਖ ਮੰਤਵ ਜ਼ਿਲ੍ਹੇ ਦੇ ਲੋਕਾਂ ਨੂੰ ਸਾਫ ਸੂਥਰਾ ਪ੍ਰਸਾਸ਼ਨ ਮੁਹੱਈਆ ਕਰਾਉਣਾ ਹੈ ਅਤੇ ਲੋਕਾਂ ਦੀਆਂ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਵਿਸ਼ਵਾਸ ਦਵਾਇਆ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਸਮੂਹ ਪੱਤਰਕਾਰਾਂ ਨੇ ਵੀ ਵਿਸਵਾਸ਼ ਦਵਾਇਆ ਕਿ ਉਹ ਪ੍ਰਸਾਸ਼ਨ ਨਾਲ ਪੂਰਾ ਪੂਰਾ ਤਾਲਮੇਲ ਰੱਖ ਕੇ ਲੋਕ ਮਸਲਿਆਂ ਨੂੰ ਪ੍ਰਸਾਸ਼ਨ ਤੱਕ ਪਹੁੰਚਾਉਣ ਅਤੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਆਪਣਾ ਪੂਰਾ ਪੂਰਾ ਸਹਿਯੋਗ ਦੇਣਗੇ।