ਮਿਸ਼ਨ ਫ਼ਤਿਹ ਤਹਿਤ ਵਿਸ਼ੇਸ ਕੈਂਪਾਂ ਦੌਰਾਨ ਅੱਜ 3552 ਨਾਗਰਿਕਾਂ ਦਾ ਹੋਇਆ ਟੀਕਾਕਰਨ
ਮਾਨਸਾ, 7 ਜੁਲਾਈ 2021 : ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਈ ਵਿਸ਼ੇਸ ਟੀਕਾਕਰਨ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਅੱਜ ਜ਼ਿਲ੍ਹੇ ਦੇ ਚਾਰ ਸਿਹਤ ਬਲਾਕਾਂ ਵਿੱਚ ਆਯੋਜਿਤ ਟੀਕਾਕਰਨ ਕੈਂਪਾਂ ਦੌਰਾਨ 3552 ਵਿਅਕਤੀਆਂ ਦੁਆਰਾ ਟੀਕਾਕਰਨ ਕਰਵਾ ਕੇ ਮਿਸ਼ਨ ਫ਼ਤਿਹ ਤਹਿਤ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਪ੍ਰਸ਼ਾਸਨਿਕ ਪਹਿਲ ਪ੍ਰਤੀ ਉਤਸ਼ਾਹਜਨਕ ਹੁੰਗਾਰਾ ਦਿੱਤਾ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਦਿਨੀਂ ਲਗਾਏ ਗਏ ਮੈਗਾ ਕੈਂਪਾਂ ਦੌਰਾਨ ਕਰੀਬ 13 ਹਜ਼ਾਰ ਨਾਗਰਿਕਾਂ ਨੇ ਇੱਕ ਦਿਨ ਵਿੱਚ ਹੀ ਟੀਕਾਕਰਨ ਕਰਵਾ ਕੇ ਪ੍ਰਸ਼ਾਸਨਿਕ ਯਤਨਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਸੀ ਅਤੇ ਅਸੀਂ ਹੁਣ ਵੀ ਹਰੇਕ ਮਾਧਿਅਮ ਰਾਹੀਂ ਲੋਕਾਂ ਤੱਕ ਪਹੁੰਚ ਕਰਦੇ ਹੋਏ ਸਮੇਂ ਸਿਰ ਆਪਣਾ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕਰ ਰਹੇ ਹਾਂ ਅਤੇ ਇਸ ਆਸ਼ੇ ਤਹਿਤ ਕਾਫ਼ੀ ਹੱਦ ਤੱਕ ਸਫ਼ਲ ਵੀ ਹੋਏ ਹਾਂ। ਸ਼੍ਰੀ ਮਹਿੰਦਰਪਾਲ ਨੇ ਕਿਹਾ ਕਿ ਮਾਨਸਾ ਨਿਵਾਸੀ ਪਹਿਲਾਂ ਨਾਲੋਂ ਵਧੇਰੇ ਜਾਗਰੂਕ ਹੋਏ ਹਨ ਅਤੇ ਹੁਣ ਖੁਦ ਬ ਖੁਦ ਪਿੰਡਾਂ ਤੇ ਸ਼ਹਿਰੀ ਹਿੱਸਿਆਂ ਵਿੱਚ ਲੱਗਣ ਵਾਲੇ ਟੀਕਾਕਰਨ ਕੈਂਪਾਂ ਦਾ ਲਾਭ ਉਠਾਉਣ ਲਈ ਪਹੁੰਚ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਖੁਦ ਦੀ ਸਿਹਤ ਸੁਰੱਖਿਆ ਪ੍ਰਤੀ ਸੁਚੇਤ ਹੋਣਾ ਇੱਕ ਚੰਗਾ ਕਦਮ ਹੈ ਅਤੇ ਸਾਨੂੰ ਲਗਾਤਾਰ ਇਸ ਦਿਸ਼ਾ ਵਿੱਚ ਲਗਾਤਾਰ ਉਪਰਾਲੇ ਕਰਦੇ ਰਹਿਣੇ ਚਾਹੀਦੇ ਹਨ ਕਿਉਂਕਿ ਹਾਲੇ ਅਸੀਂ ਕੋਰੋਨਾ ’ਤੇ ਪੂਰੀ ਤਰ੍ਹਾਂ ਫ਼ਤਿਹ ਨਹੀਂ ਪਾ ਸਕੇ ਹਾਂ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਬਚਾਅ ਲਈ ਸਿਹਤ ਸਾਵਧਾਨੀਆਂ ਦੀ ਪਾਲਣਾ ਬੇਹੱਦ ਜ਼ਰੂਰੀ ਹੈ ਅਤੇ ਮਾਸਕ ਪਾਉਣਾ, ਵਾਰ ਵਾਰ ਹੱਥ ਧੋਣਾ ਤੇ ਸਮਾਜਿਕ ਦੂਰੀ ਜਿਹੀਆਂ ਸਲਾਹਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾਣਾ ਚਾਹੀਦਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਅੱਜ ਦੇ ਕੈਂਪਾਂ ਨੂੰ ਵੀ ਭਰਵਾਂ ਹੁੰਗਾਰਾ ਮਿਲਿਆ। ਉਨ੍ਹਾਂ ਦੱਸਿਆ ਕਿ ਏ.ਡੀ.ਸੀ ਵਿਕਾਸ ਅਮਰਪ੍ਰੀਤ ਕੌਰ ਸੰਧੂ ਦੀ ਅਗਵਾਈ ਅਤੇ ਐਸ.ਡੀ.ਐਮ ਮਾਨਸਾ ਸ਼ਿਖਾ ਭਗਤ, ਐਸ.ਡੀ.ਐਮ ਬੁਢਲਾਡਾ ਹਰਪ੍ਰੀਤ ਸਿੰਘ, ਐਸ.ਡੀ.ਐਮ ਸਰਦੂਲਗੜ੍ਹ ਮਨੀਸ਼ਾ ਰਾਣਾ ਅਤੇ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਦੀ ਨਿਗਰਾਨੀ ਹੇਠ ਵੱਖ ਵੱਖ ਟੀਮਾਂ ਲਗਾਤਾਰ ਇਨ੍ਹਾਂ ਕੈਂਪਾਂ ਦੀ ਸਫ਼ਲਤਾ ਲਈ ਜੁਟੀਆਂ ਰਹੀਆਂ ਅਤੇ ਨਿਰਧਾਰਿਤ ਟੀਚੇ ਪ੍ਰਾਪਤ ਕੀਤੇ।