ਮਿਸ਼ਨ ਫਤਿਹ ਤਹਿਤ ਗਰਭਵਤੀਆਂ ਔਰਤਾਂ ਲਈ ਕੋਵਿਡ ਟੀਕਾਕਰਨ ਆਰੰਭ :- ਡਾ ਅੰਜਨਾ ਗੁਪਤਾ
ਸੰਗਰੂਰ 4 ਜੁਲਾਈ 2021 : ਹੁਣ ਤਕ ਗਰਭਵਤੀ ਔਰਤਾਂ ਨੂੰ ਕੋਵਿਡ ਵੈਕਸਿਨ ਤੋਂ ਛੋਟ ਦਿੱਤੀ ਗਈ ਸੀ , ਪਰ ਹੁਣ ਲੋੜੀਦੇ ਪ੍ਰੀਖਣ ਤੋਂ ਬਾਅਦ ਨੈਸ਼ਨਲ ਟੈਕਨੀਕਲ ਐਡਵਾਇਜ਼ਰੀ ਆਨ ਇਮੂਨਾਇਜ਼ੇਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਮੰਨਦੇ ਹੋਏ ਯੂਨੀਅਨ ਹੈਲਥ ਮਨਿਸਟਰੀ ਨੇ ਦੇਸ਼ ਭਰ ਵਿੱਚ ਗਰਭਵਤੀ ਔਰਤਾਂ ਲਈ ਕੋਵਿਡ ਟੀਕਾਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ ਦਿੱਤੀ ਹੈ । ਇਹ ਜਾਣਕਾਰੀ ਸਿਵਲ ਸਰਜਨ ਡਾ. ਅੰਜਨਾ ਗੁਪਤਾ ਨੇ ਜਿ਼ਲ੍ਹੇ ‘ਚ ਕੋਵਿਡ ਵੈਕਸੀਨੇਸ਼ਨ ਮੈਗਾ ਕੈਂਪਾਂ ਦਾ ਜਾਇਜ਼ਾ ਲੈਣ ਮੌਕੇ ਦਿੱਤੀ।
ਡਾ. ਗੁਪਤਾ ਨੇ ਕਿਹਾ ਕਿ ਗਰਭਵਤੀਆਂ ਔਰਤਾਂ ਨੂੰ ਇਸ ਦਾ ਭਰਪੂਰ ਲਾਭ ਉਠਾਉਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਅਗਰ ਕਿਸੇ ਗਰਭਵਤੀ ਨੂੰ ਕੋਵਿਡ ਇਨਫੈਕਸ਼ਨ ਹੋ ਜਾਂਦੀ ਹੈ ਤਾਂ ਉਹ ਮਾਂ ਅਤੇ ਭਰੂਣ ਦੋਨਾਂ ਲਈ ਘਾਤਕ ਹੋ ਸਕਦੀ। ਉਨ੍ਹਾਂ ਸਮੂਹ ਸੰਗਰੂਰ ਜਿ਼ਲ੍ਹੇ ਦੀਆਂ ਗਰਭਵਤੀ ਔਰਤਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਨੇੜੇ ਦੇ ਸਿਹਤ ਕੇਂਦਰ ਵਿਚ ਜਾ ਕੇ ਕੋਵਿਡ ਵੈਕਸੀਨ ਜ਼ਰੂਰ ਲਗਵਾਉਣ ਤਾਂ ਕਿ ਉਹ ਖੁਦ ਅਤੇ ਉਨ੍ਹਾਂ ਦਾ ਹੋਣ ਵਾਲਾ ਬੱਚਾ ਦੋਨੋਂ ਇਸ ਘਾਤਕ ਬੀਮਾਰੀ ਤੋਂ ਸੁਰੱਖਿਅਤ ਰਹਿ ਸਕਣ । ਡਾ ਗੁਪਤਾ ਨੇ ਕਿਹਾ ਕਿ ਪਹਿਲਾਂ ਤੋਂ ਹੀ ਚੱਲ ਰਹੇ “ਪ੍ਰਧਾਨ ਮੰਤਰੀ ਸੁਰੱਖਿਅਤ ਮਾਤਿ੍ਰਤਵ ਅਭਿਆਨ“ ਤਹਿਤ ਹਰ ਮਹੀਨੇ ਦੀ 9 ਤਾਰੀਕ ਨੂੰ ਗਰਭਵਤੀ ਮਾਵਾਂ ਨੂੰ ਮਾਹਿਰ ਡਾਕਟਰਾਂ ਦੁਆਰਾ ਚੈੱਕਅੱਪ ਕੀਤਾ ਜਾਂਦਾ ਹੈ ਸੋ ਇਸ ਦਿਨ ਹਰੇਕ ਗਰਭਵਤੀ ਔਰਤ ਇਹ ਟੀਕਾ ਲਗਵਾਉਣ ਲਈ ਅੱਗੇ ਆਵੇ। ਉਨ੍ਹਾਂ ਕਿਹਾ ਕਿ ਇਹ ਟੀਕਾ ਬਿਲਕੁਲ ਸੁਰੱਖਿਅਤ ਹੈ ਅਤੇ ਇਸ ਦਾ ਕੋਈ ਵੀ ਮਾੜਾ ਪ੍ਰਭਾਵ ਨਹੀਂ ਹੈ। ਇਸ ਤੋਂ ਇਲਾਵਾ ਰੁਟੀਨ ਵਿਚ ਆਮ ਲੋਕਾਂ ਵਾਂਗ ਗਰਭਵਤੀ ਅੋਰਤਾਂ ਨੂੰ ਕੋਵਿਡ ਤੋਂ ਸੁਰੱਖਿਆ ਲਈ ਸਰਕਾਰੀ ਸਿਹਤ ਕੇਂਦਰਾਂ ਵਿੱਚ ਇਹ ਟੀਕਾ ਲੱਗਦਾ ਰਹੇਗਾ । ਉਨ੍ਹਾਂ ਕਿਹਾ ਕਿ ਇਹ ਟੀਕਾ ਗਰਭ ਅਵਸਥਾ ਦੇ ਕਿਸੇ ਵੀ ਸਮੇਂ ਵਿੱਚ ਲਗਾਇਆ ਜਾ ਸਕਦਾ ਹੈ।