ਮਿਸ਼ਨ ‘ਤੰਦਰੁਸਤ ਪੰਜਾਬ’ : ਜ਼ਿਲ੍ਹਾ ਸਿਹਤ ਅਫ਼ਸਰ ਨੇ ਲਏ ਖਾਣ-ਪੀਣ ਵਾਲੇ ਪਦਾਰਥਾਂ ਦੇ ਸੈਂਪਲ
ਹੁਸ਼ਿਆਰਪੁਰ, 21 ਜੂਨ:
ਲੋਕਾਂ ਲਈ ਸਾਫ਼-ਸੁਥਰੇ ਅਤੇ ਮਿਆਰੀ ਖਾਣ-ਪੀਣ ਵਾਲੇ ਪਦਾਰਥ ਯਕੀਨੀ ਬਨਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਦੀ ਅਗਵਾਈ ਵਿੱਚ ਟੀਮ ਵਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਖਾਣ-ਪੀਣ ਵਾਲੇ ਪਦਾਰਥਾਂ ਦੇ ਸੈਂਪਲ ਲਏ ਗਏ।
ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਅੱਜ ਰਾਮ ਦਾਸ ਦੀ ਹੱਟੀ ਰੇਲਵੇ ਰੋਡ ਤੋਂ ਮਿਕਸ ਪਕੌੜਾ, ਛੋਲਿਆਂ ਦੀ ਦਾਲ ਅਤੇ ਪੰਜਾਬ ਘਿਊ ਸਟੋਰ ਰੇਲਵੇ ਰੋਡ ਤੋਂ ਦੇਸ਼ੀ ਘਿਊ, ਵੇਰਕਾ ਦੁੱਧ ਤੇ ਦਹੀਂ ਦੇ ਸੈਂਪਲ ਲਏ ਗਏ। ਉਨ੍ਹਾਂ ਦੱਸਿਆ ਕਿ ਹੌਟਮ ਹੌਟ, ਸ਼ਿਮਲਾ ਪਹਾੜੀ ਤੋਂ ਪਨੀਰ ਅਤੇ ਬਣੀ ਹੋਈ ਦਾਲ ਦੇ ਸੈਂਪਲ ਲਏ ਗਏ। ਇਸੇ ਤਰ੍ਹਾਂ ਪੰਜਾਬ ਐਗਰੋ ਜੂਸਜ਼ ਲਿਮਟਡ ਤੋਂ ਲੀਚੀ, ਗੁਆਵਾ ਅਤੇ ਮੈਂਗੋ ਜੂਸ ਦੇ ਸੈਂਪਲ ਲਏ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਂਪਲਾਂ ਅਗਲੇਰੀ ਕਾਰਵਾਈ ਲਈ ਸਟੇਟ ਫੂਡ ਟੈਸਟਿੰਗ ਲੈਬ, ਖਰੜ ਵਿਖੇ ਭੇਜਿਆ ਜਾ ਰਿਹਾ ਹੈ ਜਿਥੋਂ 2 ਤੋਂ 3 ਹਫਤਿਆਂ ਵਿੱਚ ਰਿਪੋਰਟ ਆਵੇਗੀ।
ਡਾ. ਲਖਵੀਰ ਸਿੰਘ ਨੇ ਖਾਣ-ਪੀਣ ਵਾਲੇ ਪਦਾਰਥ ਬਨਾਉਣ ਅਤੇ ਤਿਆਰ ਕਰਨ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਫੂਡ ਸੇਫਟੀ ਅਤੇ ਸਟੈਂਡਰਡਜ਼ ਐਕਟ ਦੀ ਪੂਰੀ ਤਰ੍ਹਾਂ ਪਾਲਣਾ ਨੂੰ ਯਕੀਨੀ ਬਨਾਉਣ ਤਾਂ ਜੋ ਰਾਜ ਸਰਕਾਰ ਦਾ ਮਿਸ਼ਨ ਤੰਦਰੁਸਤ ਪੰਜਾਬ ਪੂਰੀ ਤਰ੍ਹਾਂ ਸਫ਼ਲ ਬਣਾ ਕੇ ਲੋਕਾਂ ਦੀ ਨਿੱਗਰ ਸਿਹਤ ਨੂੰ ਯਕੀਨੀ ਬਣਾਇਆ ਜਾ ਸਕੇ।