ਮਗਨਰੇਗਾ ਵਰਕਰ ਅਤੇ ਰਜਿਸਟਰਡ ਕਾਮਿਆਂ ਨੂੰ ਮਜ਼ਬੂਤ ਕਰੇਗੀ ਮੇਰਾ ਕਾਮ, ਮੇਰਾ ਮਾਨ ਯੋਜਨਾ : ਦਰਬਾਰਾ ਸਿੰਘ
ਹੁਸ਼ਿਆਰਪੁਰ, 15 ਜੁਲਾਈ 2021 : ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਯੋਜਨਾ ਮੇਰਾ ਕਾਮ, ਮੇਰਾ ਮਾਨ ਯੋਜਨਾ ਜ਼ਿਲ੍ਹੇ ਦੇ ਮਗਨਰੇਗਾ ਵਰਕਰ ਅਤੇ ਰਜਿਸਟਰਡ ਕਾਮਿਆਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਰਜਿਸਟਰਡ ਮਗਨਰੇਗਾ ਵਰਕਰਾਂ ਅਤੇ ਕਾਮਿਆਂ ਨੂੰ ਮੁਫ਼ਤ ਕਿੱਤਾ ਸਿਖਲਾਈ ਦੇ ਨਾਲ-ਨਾਲ ਪ੍ਰਤੀ ਮਹੀਨਾ 2500 ਮਾਣ ਭੱਤਾ ਵੀ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਲਾਭ ਲੈਣ ਦੇ ਲਈ ਲਾਭਪਾਤਰੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਫੋਨ ਰਾਹੀਂ ਉਨ੍ਹਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਯੋਜਨਾ ਦੀ ਵਿਸਥਾਰ ਨਾਲ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰੋਗਰਾਮ ਮੈਨੇਜਮੈਂਟ ਯੂਨਿਟ ਦੇ ਅਧਿਕਾਰੀਆਂ ਵਲੋਂ ਲਗਾਤਾਰ ਇਸ ਯੋਜਨਾ ਦੇ ਮੁਤਾਬਕ ਵਰਕਰਾਂ ਨੂੰ ਫੋਨ ਦੁਆਰਾ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਕੋਰਸ ਕਰੀਬ 3 ਮਹੀਨੇ ਤੋਂ ਲੈ ਕੇ 6 ਮਹੀਨੇ ਤੱਕ ਦਾ ਹੋਵੇਗਾ। ਉਨ੍ਹਾਂ ਕਿਹਾ ਕਿ ਯੋਜਨਾ ਦਾ ਲਾਭ ਲੈਣ ਦੇ ਲਈ ਹੈਲਪਲਾਈਨ ਨੰਬਰ 77173-02471 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਪ੍ਰੋਗਰਾਮ ਮੈਨੇਜਮੈਂਟ ਯੂਨਿਟ ਦੇ ਮੈਨੇਜਰ ਮਹਿੰਦਰ ਰਾਣਾ, ਪਲੇਸਮੈਂਟ ਅਤੇ ਟਰੇਨਿੰਗ ਇੰਚਾਰਜ ਰਮਨ ਭਾਰਤੀ ਅਤੇ ਮੋਬਾਲਾਇਜਰ ਸੁਲੀਲ ਕੁਮਾਰ ਨੇ ਦੱਸਿਆ ਕਿ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵਲੋਂ ਮੇਰਾ ਕਾਮ, ਮੇਰਾ ਮਾਨ ਯੋਜਨਾ ਤਹਿਤ ਮਗਨਰੇਗਾ ਵਰਕਰਾਂ ਅਤੇ ਰਜਿਸਟਰਡ ਕਾਮਿਆਂ ਦੀਆਂ ਦੋ ਤਰ੍ਹਾਂ ਦੀਆਂ ਲਿਸਟਾਂ ਭੇਜੀਆਂ ਗਈਆਂ ਸੀ। ਪਹਿਲੀ ਲਿਸਟ 18 ਤੋਂ 35 ਸਾਲ ਅਤੇ ਦੂਜੀ ਲਿਸਟ 36 ਸਾਲ ਦੇ ਲਾਭਪਾਤਰੀਆ ਨਾਲ ਸਬੰਧਤ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲਾਭਪਾਤਰੀਆਂ ਦੇ ਲਈ ਬਹੁਤ ਸਾਰੇ ਕੋਰਸ ਪੰਜਾਬ ਸਰਕਾਰ ਵਲੋਂ ਮੁਹੱਈਆ ਕਰਵਾਏ ਜਾ ਰਹੇ ਹਨ ਜਿਸ ਵਿੱਚ ਜਨਰਲ ਡਿਊਟੀ ਅਸਿਸਟੈਂਟ, ਬਿਊਟੀ ਥਰੈਪ੍ਰਿਸਟ, ਪੈਟਰਨ ਮਾਸਟਰ, ਕਸਟਮਰ ਕੇਅਰ ਐਗਜੀਕਿਊਟਿਵ, ਅਸਿਸਟੈਂਟ ਇਲੈਕਟ੍ਰੀਸਨ, ਡਿਸਟਰੀ ਬਿਊਸ਼ਨ ਲਾਈਨਮੈਨ, ਫੈਸ਼ਨ ਡਿਜਾਈਨਿੰਗ, ਕੰਪਿਊਟਰ ਅਪ੍ਰੇਟਰ, ਮੈਡੀਕਲ ਟੈਕਨੀਸ਼ੀਅਨ ਬੇਸਿਕ ਅਤੇ ਹੋਰ ਬਹੁਤ ਸਾਰੇ ਕੋਰਸ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜੇਕਰ ਮਗਨਰੇਗਾ ਵਰਕਰ ਜਾਂ ਰਜਿਸਟਰਡ ਕਾਮੇ ਇਹ ਕੋਰਸ ਕਰਦੇ ਹਨ ਤਾਂ ਉਨ੍ਹਾਂ ਨੂੰ ਸਰਟੀਫਿਕੇਟ ਪ੍ਰਾਪਤ ਕਰਨ ਦੇ ਲਈ ਪੇਪਰ ਵੀ ਪਾਸ ਕਰਨਾ ਹੋਵੇਗਾ।