ਭਵਾਨੀਗੜ ਵਿਖੇ ਮਿਸ਼ਨ ਫਤਿਹ ਤਹਿਤ 18 ਤੋਂ 44 ਸਾਲ ਵਰਗ ਦੇ ਯੋਗ ਲਾਭਪਾਤਰੀਆਂ ਦਾ ਕੋਵਿਡ ਟੀਕਾਕਰਨ ਜਾਰੀ
ਭਵਾਨੀਗੜ /ਸੰਗਰੂਰ 14 ਜੂਨ :
ਮਿਸ਼ਨ ਫਤਿਹ ਦੇ ਮੰਤਵ ਦੀ ਪੂਰਤੀ ਲਈ ਐੱਸ ਡੀ ਐੱਮ ਭਵਾਨੀਗਡ ਡਾ ਕਰਮਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਭਵਾਨੀਗੜ ਸ਼ਹਿਰ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਰੋਟਰੀ ਕਲੱਬ ਦੇ ਸਹਿਯੋਗ ਨਾਲ ਕੋਵਿਡ -19 ਦਾ ਟੀਕਾਕਰਨ ਕੈਂਪ ਲਗਾਇਆ ਗਿਆ । ਇਹ ਜਾਣਕਾਰੀ ਐਸ.ਐਮ.ਓ ਡਾ ਮਹੇਸ਼ ਆਹੂਜਾ ਨੇ ਦਿੱਤੀ।
ਡਾ. ਮਹੇਸ਼ ਆਹੂਜਾ ਨੇ ਦੱਸਿਆ ਕਿ ਕਿ ਹੁਣ 18 ਤੋਂ 44 ਸਾਲ ਉਮਰ ਵਰਗ ਵਿੱਚ ਵੱਖ ਵੱਖ ਵਰਗ ਅਨੁਸਾਰ ਨਾਗਰਿਕਾਂ ਦੀ ਵੈਕਸੀਨੇਸ਼ਨ ਵੀ ਲਗਾਤਾਰ ਚੱਲ ਰਹੀ ਹੈ। ਇਹਨਾਂ ਵਰਗਾਂ ਵਿੱਚ ਵਿਦੇਸ਼ ਜਾ ਰਹੇ ਵਿਦਿਆਰਥੀਆਂ ਸਮੇਤ ਵੱਖ ਵੱਖ ਮੂਹਰਲੀ ਕਤਾਰ ਵਿੱਚ ਕੰਮ ਕਰਨ ਵਾਲੇ ਕਾਮੇ, ਜੇਲ ਕੈਦੀ, ਉਦਯੋਗਿਕ ਕਾਮੇ, ਦੁਕਾਨਦਾਰ, ਜਿੰਮ ਮਾਲਕ ਅਤੇ ਕਾਮੇ,ਰੇਹੜੀ ਵਾਲੇ, ਹਰ ਤਰਾਂ ਦੇ ਸਮਾਨ ਵੰਡਣ ਵਾਲੇ, ਡਾਕ ਪਹੁੰਚਾਉਣ ਵਾਲੇ, ਸਾਰੇ ਡਰਾਈਵਰ ਅਤੇ ਉਹਨਾਂ ਦੇ ਸਹਿਯੋਗੀ, ਹੋਟਲਾਂ ਦੇ ਕਾਮੇ ਆਦਿ ਵਰਗ ਸ਼ਾਮਿਲ ਹਨ।
ਬਲਾਕ ਐਜੂਕੇਟਰ ਸ੍ਰੀ ਗੁਰਵਿੰਦਰ ਸਿੰਘ ਨੇ ਦੱਸਿਆ ਕੈਂਪ ਦੌਰਾਨ ਕਰੀਬ 217 ਵਿਅਕਤੀਆਂ ਦਾ ਟੀਕਾਕਰਨ ਕੀਤਾ ਗਿਆ। ਉਨਾਂ ਦੱਸਿਆ ਕਿ ਟੀਕਾਕਰਨ ਤੋਂ ਪਹਿਲਾਂ ਵਿਅਕਤੀਆਂ ਦੀ ਬੀ.ਪੀ., ਸ਼ੂਗਰ ਆਦਿ ਦੀ ਜਾਂਚ ਕੀਤੀ ਗਈ। ਉਨਾਂ ਦੱਸਿਆ ਕਿ ਲੋਕਾਂ ਵੱਲੋਂ ਵੈਕਸੀਨ ਪ੍ਰਤੀ ਕਾਫੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ।
ਇਸ ਮੌਕੇ ਧਰਮਬੀਰ ਗਰਗ (ਪੀ ਡੀ ਜੀ ) ਰਾਜਿੰਦਰ ਕੁਮਾਰ (ਸੈਕਟਰੀ , ਨਵੀਨ ਕੁਮਾਰ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਹਾਜਰ ਸਨ ।