ਬਿਜਲੀ ਸਪਲਾਈ ਦੀ ਸਮੱਸਿਆ ਦੇ ਹੱਲ ਲਈ 1912 ਹੈਲਪ ਲਾਈਨ ’ਤੇ ਕਰਵਾਈ ਜਾ ਸਕਦੀ ਹੈ ਸ਼ਿਕਾਇਤ ਦਰਜ – ਡਿਪਟੀ ਕਮਿਸ਼ਨਰ
ਬਟਾਲਾ, 12 ਜੁਲਾਈ 2021 : ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਪਾਵਰਕਾਮ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਹੈ ਕਿ ਬਿਜਲੀ ਖਪਤਕਾਰਾਂ ਦੀ ਬਿਜਲੀ ਸਪਲਾਈ ਸਬੰਧੀ ਸ਼ਿਕਾਇਤਾਂ ਦਾ ਸਮਾਂਬੱਧ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਖਪਤਕਾਰਾਂ ਨੂੰ ਨਿਰਵਿਗਨ ਬਿਜਲੀ ਸਪਲਾਈ ਮੁਹੱਈਆ ਕਰਵਾਉਣਾ ਪਾਵਰਕਾਮ ਦੀ ਜਿੰਮੇਵਾਰੀ ਹੈ ਅਤੇ ਜੇਕਰ ਬਿਜਲੀ ਸਪਲਾਈ ਵਿੱਚ ਕੋਈ ਫਾਲਟ ਪੈਂਦਾ ਹੈ ਤਾਂ ਉਸ ਨੂੰ ਜਲਦ ਠੀਕ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਖਪਤਕਾਰਾਂ ਦੀ ਬਿਜਲੀ ਸਪਲਾਈ ਸਬੰਧੀ ਸ਼ਿਕਾਇਤਾਂ ਲਈ 1912 ਨੰਬਰ ਦੀ ਇੱਕ ਹੈਲਪ ਲਾਈਨ ਚਲਾਈ ਜਾ ਰਹੀ ਹੈ ਅਤੇ ਜੇਕਰ ਕਿਸੇ ਖਪਤਕਾਰ ਨੂੰ ਬਿਜਲੀ ਸਪਲਾਈ ਸਬੰਧੀ ਕੋਈ ਸ਼ਿਕਾਇਤ ਆ ਰਹੀ ਹੋਵੇ ਤਾਂ ਉਹ 1912 ’ਤੇ ਕਾਲ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਹੈਲਪ ਲਾਈਨ ਨੰਬਰ 24 ਘੰਟੇ ਅਤੇ ਹਫਤੇ ਦੇ ਸਾਰੇ ਦਿਨ ਚੱਲਦਾ ਹੈ। ਉਨ੍ਹਾਂ ਕਿਹਾ ਕਿ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਖਪਤਕਾਰ ਨੂੰ ਉਸਦੇ ਮੋਬਾਇਲ ਉੱਪਰ ਸ਼ਿਕਾਇਤ ਨੰਬਰ ਅਤੇ ਸਪਲਾਈ ਠੀਕ ਕਰਨ ਵਾਲੇ ਸਬੰਧਤ ਕਰਮਚਾਰੀ ਦਾ ਮੋਬਾਇਲ ਨੰਬਰ ਮੈਸਜ ਰਾਹੀਂ ਭੇਜਿਆ ਜਾਂਦਾ ਹੈ। ਇਸ ਤੋਂ ਬਾਅਦ ਸਬੰਧਤ ਬਿਜਲੀ ਘਰ ਦੇ ਕਰਮਚਾਰੀਆਂ ਵੱਲੋਂ ਸ਼ਿਕਾਇਤ ਨੂੰ ਹੱਲ ਕਰਕੇ ਸਪਲਾਈ ਬਹਾਲ ਕੀਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕਿਸੇ ਖਪਤਕਾਰ ਨੂੰ ਬਿਜਲੀ ਸਪਲਾਈ ਸਬੰਧੀ ਕੋਈ ਸ਼ਿਕਾਇਤ ਹੋਵੇ ਤਾਂ ਉਹ 1912 ਹੈਲਪ ਲਾਈਨ ਉੱਪਰ ਕਾਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਖਪਤਕਾਰ ਆਪਣੀ ਸ਼ਿਕਾਇਤ ਲਈ ਸਬੰਧਤ ਬਿਜਲੀ ਘਰ ਦੇ ਅਧਿਕਾਰੀਆਂ ਨਾਲ ਵੀ ਰਾਬਤਾ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਖਪਤਕਾਰਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇ ਅਤੇ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਆਪਣੀ ਡਿਊਟੀ ਵਿੱਚ ਕੋਤਾਹੀ ਵਰਤੇਗਾ ਤਾਂ ਉਸ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀ।