ਬਰਸਾਤੀ ਪਾਣੀ ਦੇ ਯੋਗ ਨਿਕਾਸ, ਅੰਦਰੂਨੀ ਸੜਕਾਂ ਦੇ ਨਿਰਮਾਣ ਅਤੇ ਹੋਰ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ
ਮਾਨਸਾ, 05 ਜੁਲਾਈ 2021 : ਸ਼ਹਿਰ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅੱਜ ਹਲਕਾ ਵਿਧਾਇਕ ਮਾਨਸਾ ਸ਼੍ਰੀ ਨਾਜਰ ਸਿੰਘ ਮਾਨਸ਼ਾਹੀਆ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਇਸ ਮੌਕੇ ਵਿਧਾਇਕ ਸ਼੍ਰੀ ਮਾਨਸ਼ਾਹੀਆ ਨੇ ਹਦਾਇਤ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਚੱਲ ਰਹੇ ਵਿਕਾਸ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਬਰਸਾਤਾਂ ਦੇ ਦਿਨਾਂ ਵਿੱਚ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਤੋਂ ਲੈ ਕੇ ਚਕੇਰੀਆਂ ਫਾਟਕ ਤੱਕ ਬਣਨ ਵਾਲੀ ਸੜਕ ਦਾ ਕੰਮ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। ਇਸ ਸਬੰਧੀ ਅਧਿਕਾਰੀ ਵੱਲੋਂ ਵਿਸਵਾਸ਼ ਦਿਵਾਇਆ ਗਿਆ ਕਿ ਸੜਕ ਦਾ ਕੰਮ ਜਲਦ ਕਰ ਦਿੱਤਾ ਜਾਵੇਗਾ।
ਮੀਟਿੰਗ ਦੌਰਾਨ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਵੱਲੋਂ 33 ਫੁੱਟ ਰੋਡ ਵਿਖੇ ਚੱਲ ਰਹੇ ਸੀਵਰ ਅਤੇ ਸੜਕ ਦੀ ਮੁਰੰਮਤ ਦੇ ਕੰਮ ਦਾ ਜਾਇਜ਼ਾ ਲਿਆ ਗਿਆ ਅਤੇ ਸਬੰਧਤ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਇਸ ਕੰਮ ਨੂੰ ਜਲਦ ਤੋਂ ਜਲਦ ਮੁਕੰਮਲ ਕਰਕੇ ਰਿਪੋਰਟ ਭੇਜੀ ਜਾਵੇ। ਉਨ੍ਹਾਂ ਨੇ ਕਾਰਜ ਸਾਧਕ ਅਫ਼ਸਰ ਤੋਂ ਸ਼ਹਿਰ ਅੰਦਰ ਬਣਨ ਵਾਲੇ ਪੰਜ ਰੀਚਾਰਜ ਬੋਰਾਂ ਦੀ ਮੌਜੂਦਾ ਸਥਿਤੀ ਸਬੰਧੀ ਜਾਣਕਾਰੀ ਹਾਸਿਲ ਕੀਤੀ, ਜਿਸ ’ਤੇ ਕਾਰਜ ਸਾਧਕ ਅਫ਼ਸਰ ਨੇ ਦੱਸਿਆ ਕਿ ਚਾਰ ਬੋਰ ਦਾਣਾ ਮੰਡੀ ਅਤੇ 1 ਤਿੰਨਕੋਣੀ ਨੇੜੇ ਬਣਨੇ ਹਨ, ਜਿਨ੍ਹਾਂ ਵਿੱਚੋਂ 2 ਦਾਣਾ ਮੰਡੀ ਵਾਲੇ ਬੋਰ ਮੁਕੰਮਲ ਹੋ ਚੁੱਕੇ ਹਨ ਅਤੇ ਬਾਕੀ ਵੀ ਜਲਦ ਮੁਕੰਮਲ ਕਰ ਦਿੱਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਕਾਰਜ ਸਾਧਕ ਅਫ਼ਸਰ ਨੂੰ ਹਦਾਇਤ ਕੀਤੀ ਕਿ ਜੋ ਵੀ ਠੇਕੇਦਾਰ ਦਿੱਤੇ ਗਏ ਕੰਮ ਨੂੰ ਮਿੱਥੇ ਸਮੇਂ ਅੰਦਰ ਪੂਰਾ ਨਹੀਂ ਕਰਦਾ ਉਸਨੂੰ ਨਿਯਮਾਂ ਅਨੁਸਾਰ ਜ਼ੁਰਮਾਨਾ ਲਗਾਉਣਾ ਯਕੀਨੀ ਬਣਾਇਆ ਜਾਵੇ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਟਰੈਫ਼ਿਕ ਜਾਮ ਦੀ ਸਮੱਸਿਆ ਦਾ ਹੱਲ ਕਰਨ ਲਈ ਰੇਹੜੀ ਪਾਰਕਿੰਗ ਦੀ ਢੁੱੱਕਵੀਂ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿੱਥੇ-ਜਿੱਥੇ ਸਟਰੀਟ ਲਾਈਟਾਂ ਨਹੀਂ ਚੱਲ ਰਹੀਆਂ ਉਨ੍ਹਾਂ ਦੀ ਮੁਰੰਮਤ ਕਰਵਾਈ ਜਾਵੇ ਅਤੇ ਬਰਸਾਤਾਂ ’ਚ ਅੰਡਰ ਬਰਿੱਜ ਵਿਖੇ ਪਾਣੀ ਖੜ੍ਹਾ ਨਾ ਹੋਵੇ ਇਸ ਸਬੰਧੀ ਉੱਚੇਚੇ ਪ੍ਰਬੰਧ ਕਰਨੇ ਯਕੀਨੀ ਬਣਾਏ ਜਾਣ।
ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।