ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਤੇ ਤਰੱਕੀ ਲਈ ਵਚਨਬੱਧ – ਤ੍ਰਿਪਤ ਬਾਜਵਾ
ਬਟਾਲਾ, 15 ਜੂਨ ( 2021) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਤੇ ਤਰੱਕੀ ਲਈ ਵਚਨਬੱਧ ਹੈ ਅਤੇ ਬੀਤੇ ਚਾਰ ਸਾਲਾਂ ਵਿੱਚ ਰਾਜ ਸਰਕਾਰ ਨੇ ਗਰੀਬ ਤੇ ਕਮਜ਼ੋਰ ਵਰਗਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸੁਹਿਰਦ ਯਤਨ ਕੀਤੇ ਹਨ। ਇਹ ਪ੍ਰਗਟਾਵਾ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪਿੰਡ ਧੁੱਪਸੜੀ ਵਿਖੇ ਪਿੰਡ ਵਾਸੀਆਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਪਿੰਡ ਧੁੱਪਸੜੀ ਵਿੱਚ 4 ਲੱਖ ਰੁਪਏ ਦੀ ਲਾਗਤ ਨਾਲ ਈਸਾਈ ਭਾਈਚਾਰੇ ਨੂੰ ਧਰਮਸ਼ਾਲਾ ਬਣਾ ਕੇ ਦਿੱਤੀ ਜਾਵੇਗੀ ਜਿਸ ਸਬੰਧੀ ਪੰਚਾਇਤ ਨੂੰ ਚੈੱਕ ਅਗਲੇ ਕੁਝ ਦਿਨਾਂ ਵਿੱਚ ਜਾਰੀ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਧੁੱਪਸੜੀ ਵਿੱਚ ਜੋ ਬਿਜਲੀ ਸਪਲਾਈ ਦੀ ਸਮੱਸਿਆ ਹੈ ਉਸ ਨੂੰ ਵੀ ਜਲਦੀ ਹੱਲ ਕਰ ਦਿੱਤਾ ਜਾਵੇਗਾ।
ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ 1 ਜੁਲਾਈ ਤੋਂ ਪੰਜਾਬ ਸਰਕਾਰ ਵੱਲੋਂ ਬੁਢਾਪਾ, ਆਸ਼ਰਿਤ, ਅੰਗਹੀਣ ਅਤੇ ਵਿਧਵਾ ਪੈਨਸ਼ਨ ਦੁਗਣੀ ਕਰਦਿਆਂ 1500 ਰੁਪਏ ਕੀਤੀ ਜਾ ਰਹੀ ਹੈ ਅਤੇ ਇਹ ਦੁਗਣੀ ਪੈਨਸ਼ਨ ਅਗਲੇ ਮਹੀਨੇ ਤੋਂ ਮਿਲਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਦੀ ਲੜਕੀਆਂ ਦੀ ਸ਼ਾਦੀ ਵੇਲੇ ਸ਼ਗਨ ਸਕੀਮ ਨੂੰ 51000 ਰੁਪਏ ਕੀਤਾ ਗਿਆ ਹੈ ਜੋ ਕਿ ਲੋੜਵੰਦ ਪਰਿਵਾਰਾਂ ਲਈ ਵੱਡੀ ਰਾਹਤ ਹੈ। ਸ. ਬਾਜਵਾ ਨੇ ਕਿਹਾ ਕਿ ਔਰਤਾਂ ਦਾ ਮੁਫ਼ਤ ਬੱਸ ਸਫ਼ਰ ਵੀ ਰਾਜ ਸਰਕਾਰ ਦੀ ਇੱਕ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਰ ਲੋੜਵੰਦ ਪਰਿਵਾਰ ਨੂੰ ਸਸਤੇ ਅਨਾਜ ਲਈ ਸਮਾਰਟ ਕਾਰਡ ਬਣਾ ਕੇ ਦਿੱਤੇ ਗਏ ਹਨ ਅਤੇ ਬਾਇਓ ਮੈਟ੍ਰਿਕ ਪ੍ਰਣਾਲੀ ਰਾਹੀਂ ਪੂਰੀ ਪਾਰਦਰਸ਼ਤਾ ਨਾਲ ਲੋੜਵੰਦ ਪਰਿਵਾਰਾਂ ਨੂੰ ਅਨਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸ. ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਿਥੇ ਸਮਾਜਿਕ ਭਲਾਈ ਦੀਆਂ ਸਕੀਮਾਂ ਨੂੰ ਪੂਰੀ ਇਮਾਨਦਾਰੀ ਨਾਲ ਲਾਗੂ ਕੀਤਾ ਹੈ ਓਥੇ ਸੂਬੇ ਦਾ ਸਰਬਪੱਖੀ ਵਿਕਾਸ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਆਪਣੇ ਵਿਕਾਸ ਕਾਰਜਾਂ ਦੀ ਬਦੌਲਤ ਕਾਂਗਰਸ ਪਾਰਟੀ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕਰੇਗੀ।
ਇਸ ਮੌਕੇ ਪਿੰਡ ਧੁੱਪਸੜੀ ਦੀ ਸਰਪੰਚ ਬਲਜਿੰਦਰ ਕੌਰ, ਮੈਂਬਰ ਪੰਚਾਇਤ ਗੁਰਬਚਨ ਸਿੰਘ, ਰਾਜਵਿੰਦਰ ਸਿੰਘ, ਅਵਤਾਰ ਸਿੰਘ, ਮੁਖਤਾਰ ਸਿੰਘ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ, ਸਰਵਣ ਸਿੰਘ, ਪ੍ਰੀਤਮ ਸਿੰਘ, ਮਾਸਟਰ ਰਤਨ ਸਿੰਘ, ਲਖਬੀਰ ਸਿੰਘ, ਬਲਵਿੰਦਰ ਸਿੰਘ, ਕਾਬਲ ਸਿੰਘ ਤੇ ਹੋਰ ਮੋਹਤਬਰ ਹਾਜ਼ਰ ਸਨ।