ਪੰਜਾਬ ਸਰਕਾਰ ਵੱਲੋਂ ਹੈਪੇਟਾਈਟਸ ਬੀ ਦੇ ਮੁਫ਼ਤ ਇਲਾਜ ਅਤੇ ਜਾਂਚ ਦੀ ਸੁਰੂਆਤ
ਬਟਾਲਾ, 23 ਜੂਨ (2021) – ਇਕ ਹੋਰ ਮਾਣਮੱਤੀ ਪ੍ਰਾਪਤੀ ਹਾਸਲ ਕਰਦਿਆਂ, ਪੰਜਾਬ ਸਰਕਾਰ ਵੱਲੋਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਹੈਪੇਟਾਈਟਸ ਬੀ ਦੀ ਮੁਫ਼ਤ ਟੈਸਟਿੰਗ ਅਤੇ ਇਲਾਜ ਸੁਰੂ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਸਾਰੇ ਮੈਡੀਕਲ ਕਾਲਜਾਂ, ਜ਼ਿਲ੍ਹਾ ਹਸਪਤਾਲਾਂ, ਸਬ-ਡਵੀਜਨਲ ਹਸਪਤਾਲਾਂ ਅਤੇ ਐਂਟੀ ਰੀਟਰੋਵਾਇਰਲ ਟਰੀਟਮੈਂਟ (ਏ.ਆਰ.ਟੀ.), ਓਰਲ ਸਬਸਟੀਚਿਊਸਨ ਥੈਰੇਪੀ (ਓ.ਐਸ.ਟੀ.) ਕੇਂਦਰਾਂ ਵਿੱਚ ਹੈਪੇਟਾਈਟਸ ਬੀ ਸਕ੍ਰੀਨਿੰਗ ਟੈਸਟ ਦੀ ਸੁਰੂਆਤ ਕੀਤੀ ਹੈ। ਇਸ ਤੋਂ ਇਲਾਵਾ ਪਛੜੇ ਵਰਗਾਂ ਦੀ ਭਲਾਈ ਲਈ ਹੈਪੇਟਾਈਟਸ ਬੀ ਵਾਇਰਲ ਲੋਡ ਟੈਸਟਿੰਗ ਦੀ ਸਹੂਲਤ 27 ਸੈਂਟਰਾਂ ਵਿੱਚ ਮੁਫ਼ਤ ਦਿੱਤੀ ਜਾਵੇਗੀ।
ਚੇਅਰਮੈਨ ਸ. ਚੀਮਾ ਨੇ ਦੱਸਿਆ ਕਿ ਸੂਬੇ ਦੇ ਸਿਹਤ ਵਿਭਾਗ ਵੱਲੋਂ ਓਨਕੁਐਸਟ ਲੈਬਾਰਟੀ ਦੇ ਨਾਲ ਰੇਟ ਸਬੰਧੀ ਇਕਰਾਰਨਾਮਾ ਕੀਤਾ ਗਿਆ ਹੈ ਜਿਸ ਤਹਿਤ ਉਨਾਂ ਨੇ ਹਰੇਕ ਜ਼ਿਲ੍ਹਾ ਹਸਪਤਾਲ ਅਤੇ ਸਰਕਾਰੀ ਮੈਡੀਕਲ ਕਾਲਜ ਨੂੰ ਇਕ ਲੈਬਾਰਟਰੀ ਟੈਕਨੀਸੀਅਨ ਪ੍ਰਦਾਨ ਕੀਤੀ ਹੈ। ਇਨਾਂ ਸੰਸਥਾਵਾਂ ਵਿੱਚ ਮਰੀਜ ਦੇ ਹੈਪੇਟਾਈਟਸ ਬੀ ਦੇ ਨਮੂਨੇ ਮੁਫ਼ਤ ਲਏ ਜਾਣਗੇ ਜਦੋਂ ਕਿ ਸਰਕਾਰ ਵੱਲੋਂ ਟੈਸਟ ਦੀ ਲਾਗਤ 851 ਰੁਪਏ ਦੀ ਦਰ ਨਾਲ ਲੈਬ ਨੂੰ ਦਿੱਤੀ ਜਾਵੇਗੀ।
ਸ. ਚੀਮਾ ਨੇ ਦੱਸਿਆ ਕਿ ਹੈਪੇਟਾਈਟਸ ਬੀ ਦਾ ਇਲਾਜ ਲੰਬਾ ਅਤੇ ਮਹਿੰਗਾ ਹੈ ਪਰ ਸੂਬਾ ਸਰਕਾਰ ਸਬੰਧਤ ਲੋਕਾਂ ਨੂੰ ਦਵਾਈ ਮੁਫ਼ਤ ਪ੍ਰਦਾਨ ਕਰੇਗੀ। ਇੱਥੋਂ ਤੱਕ ਕਿ ਪੀਜੀਆਈ ਵਿਚ ਇਲਾਜ ਅਧੀਨ ਹੈਪੇਟਾਈਟਸ ਬੀ ਪਾਜੀਟਿਵ ਪੰਜਾਬ ਦੇ ਮਰੀਜਾਂ ਨੂੰ ਵੀ ਮੁਫ਼ਤ ਦਵਾਈ ਦਿੱਤੀ ਜਾਵੇਗੀ। ਉਹਨਾਂ ਅੱਗੇ ਦੱਸਿਆ ਕਿ ਇਸ ਸਬੰਧੀ ਪੀਜੀਆਈ ਵਿਚ ਇਕ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ਅਤੇ ਉਸ ਨੂੰ ਲੋੜੀਂਦੀ ਦਵਾਈਆਂ ਦਾ ਭੰਡਾਰ ਸੌਂਪ ਦਿੱਤਾ ਗਿਆ ਹੈ।
ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਦੇਸ ਦਾ ਪਹਿਲਾ ਸੂਬਾ ਹੈ ਜਿਸ ਨੇ ਲਗਭਗ ਪੰਜ ਸਾਲ ਪਹਿਲਾਂ ਹੈਪੇਟਾਈਟਸ ਸੀ ਦਾ ਮੁਫ਼ਤ ਟੈਸਟ ਅਤੇ ਇਲਾਜ ਸੁਰੂ ਕੀਤਾ ਸੀ। ਹੈਪੇਟਾਈਟਸ ਸੀ ਦੇ ਇਲਾਜ ਕੇਂਦਰਾਂ ਦੀ ਗਿਣਤੀ 25 ਤੋਂ ਵਧਾ ਕੇ 66 ਕਰ ਦਿੱਤੀ ਗਈ ਹੈ। ਹੁਣ ਤਕ ਪੰਜਾਬ ਵਿਚ ਤਕਰੀਬਨ 96,000 ਮਰੀਜਾਂ ਦਾ ਹੈਪੇਟਾਈਟਸ ਸੀ ਦਾ ਮੁਫ਼ਤ ਇਲਾਜ ਕੀਤਾ ਜਾ ਚੁੱਕਾ ਹੈ। ਉਨਾਂ ਦੇ ਇਲਾਜ ਦਰ 93 ਫ਼ੀਸਦੀ ਹੈ। ਕੋਵਿਡ ਮਹਾਂਮਾਰੀ ਦੌਰਾਨ ਵੀ ਹੈਪੇਟਾਈਟਸ ਸੀ ਦਾ ਇਲਾਜ ਜਾਰੀ ਰੱਖਿਆ ਗਿਆ ਸੀ। ਸਾਲ 2020 ਵਿਚ, ਤਕਰੀਬਨ 12000 ਮਰੀਜਾਂ ਦਾ ਹੈਪੇਟਾਈਟਸ ਸੀ ਦਾ ਇਲਾਜ ਕੀਤਾ ਗਿਆ ਅਤੇ ਮਈ 2021 ਤਕ ਤਕਰੀਬਨ 4900 ਮਰੀਜਾਂ ਦਾ ਇਲਾਜ ਕੀਤਾ ਗਿਆ।