ਪੰਜਾਬ ਸਰਕਾਰ ਦੇ ਯਤਨਾ ਸਦਕਾ ਸੂਬੇ ਵਿੱਚ ਲਿੰਗ ਅਨੁਪਾਤ ਵਿੱਚ ਸੁਧਾਰ ਹੋਇਆ – ਚੇਅਰਮੈਨ ਚੀਮਾ
ਬਟਾਲਾ, 30 ਜੂਨ (2021) – ਸਿਹਤ ਵਿਭਾਗ ਦੇ ਯਤਨਾਂ ਸਦਕਾ ਪੰਜਾਬ ਦਾ ਲਿੰਗ ਅਨੁਪਾਤ (ਜਨਮ ਦੇ ਸਮੇਂ) ਸਾਲ 2016-17 ਵਿਚ 888 ਤੋਂ ਵੱਧ ਕੇ 2020-21 ਵਿਚ 919 ਹੋ ਗਿਆ ਹੈ। ਲਿੰਗ ਅਨੁਪਾਤ ਵਿਚ ਇਹ ਵਾਧਾ ਸਿਹਤ ਵਿਭਾਗ ਵੱਲੋਂ ਪ੍ਰੀ-ਕੰਸੈਪਸ਼ੰਨ ਐਂਡ ਪ੍ਰੀ-ਨੈਟਲ ਡਾਇਗਨੋਸ ਤਕਨੀਕ (ਲਿੰਗ ਚੋਣ ਦੀ ਮਨਾਹੀ) ਐਕਟ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਵਾਉਣ ਸਦਕਾ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਸੂਬੇ ਵਿੱਚ ਕੁੱਲ 1738 ਅਲਟਰਾਸਾਊਂਡ ਸੈਂਟਰ ਰਜਿਸਟਰਡ ਹਨ ਅਤੇ ਸਿਹਤ ਵਿਭਾਗ ਕੰਨਿਆ ਭਰੂਣ ਹੱਤਿਆ ਨੂੰ ਖਤਮ ਕਰਨ ਲਈ ਐਕਟ ਦੀਆਂ ਧਾਰਾਵਾਂ ਅਨੁਸਾਰ ਉਨਾਂ ਦੇ ਕੰਮ ਦੀ ਨਿਗਰਾਨੀ ਕਰਦਾ ਹੈ।
ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਕੰਨਿਆ ਭਰੂਣ ਹੱਤਿਆ ਨੂੰ ਖਤਮ ਕਰਨ ਲਈ ਕਈ ਕਦਮ ਚੁੱਕ ਰਹੀ ਹੈ। ਸਿਹਤ ਵਿਭਾਗ ਲੋਕਾਂ ਦੀ ਮਾਨਸਿਕਤਾ ਨੂੰ ਬਦਲਣ ਲਈ ਸਮੇਂ-ਸਮੇਂ ‘ਤੇ ਆਈ.ਈ.ਸੀ. ਦੀਆਂ ਗਤੀਵਿਧੀਆਂ ਵੀ ਕਰ ਰਿਹਾ ਹੈ ਤਾਂ ਜੋ ਆਮ ਲੋਕਾਂ ਦੇ ਮਨਾਂ ਵਿੱਚ ਲੜਕੀ ਪ੍ਰਤੀ ਕੋਈ ਵੀ ਪੱਖਪਾਤ ਨਾ ਹੋਵੇ। ਸਿਹਤ ਵਿਭਾਗ ਪੀਸੀ-ਪੀਐਨਡੀਟੀ ਐਕਟ ਤਹਿਤ ਉਲੰਘਣਾ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਸਟਿੰਗ ਆਪ੍ਰੇਸਨ ਕਰਨ ਵਰਗੇ ਸਖਤ ਕਦਮ ਚੁੱਕ ਰਿਹਾ ਹੈ ਅਤੇ ਸੂਬੇ ਦੇ ਸਿਹਤ ਅਧਿਕਾਰੀ ਸਕੈਨ ਸੈਂਟਰਾਂ ’ਤੇ ਜ਼ਿਲ੍ਹਾ ਐਪਰੋਪਰਿਏਟ ਅਥਾਰਟੀ (ਡੀਏਏ) ਰਾਹੀਂ ਨਿਯਮਤ ਤੌਰ ’ਤੇ ਜਾਂਚ ਕਰਕੇ ਉਨਾਂ ’ਤੇ ਨਜਰ ਰੱਖ ਰਹੇ ਹਨ।
ਸ. ਚੀਮਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਸਕੈਨ ਸੈਂਟਰ ਇਸ ਐਕਟ ਦੀਆਂ ਧਾਰਾਵਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੀ ਰਜਿਸਟ੍ਰੇਸ਼ਨ ਨੂੰ ਰੱਦ ਕੀਤਾ ਜਾ ਸਕਦਾ ਹੈ। ਐਂਟੀ ਨੈਟਲ ਚੈੱਕਅਪ (ਏਐਨਸੀ) ਦੀ ਮਹੱਤਤਾ ਬਾਰੇ ਦੱਸਦਿਆਂ ਉਨਾਂ ਨੇ ਪਹਿਲੇ ਏਐਨਸੀ ਨੂੰ ਜਲਦ ਤੋਂ ਜਲਦ ਜਾਂ ਪਹਿਲੀ ਤਿਮਾਹੀ ਦੇ ਅੰਦਰ-ਅੰਦਰ ਕਰਵਾਉਣ ਦੀ ਲੋੜ ’ਤੇ ਜੋਰ ਦਿੱਤਾ ਤਾਂ ਜੋ ਆਸਾ (ਮਾਨਤਾ ਪ੍ਰਾਪਤ ਸੋਸਲ ਹੈਲਥ ਐਕਟਿਵਿਸਟ) ਵੱਲੋਂ ਕਿਸੇ ਵੀ ਜ਼ੁਰਮ ਦਾ ਪਤਾ ਲਗਾਇਆ ਜਾ ਸਕੇ ਅਤੇ ਸਮੇਂ ਸਿਰ ਸੀਨੀਅਰ ਸਿਹਤ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾ ਸਕੇ।