ਪ੍ਰਸਿੱਧ ਕਬੱਡੀ ਖਿਡਾਰੀ ਸੋਹਣ ਸਿੰਘ ਗੁਨੋ ਮਾਜਰਾ ਸਾਥੀਆਂ ਸਮੇਤ ਆਪ ਵਿੱਚ ਸ਼ਾਮਿਲ
20 ਜੂਨ 2021: ਪ੍ਰਸਿੱਧ ਕਬੱਡੀ ਖਿਡਾਰੀ ਸੋਹਣ ਸਿੰਘ ਗੁਨੋ ਮਾਜਰਾ ਨੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਸਬੰਧੀ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਮਲੋਆ ਦੀ ਅਗਵਾਈ ‘ਚ ਹਲਕਾ ਖਰੜ ਦੀ ਮੀਟਿੰਗ ਦੌਰਾਨ ਨੈਸ਼ਨਲ ਪੱਧਰ ਦੇ ਪ੍ਰਸਿੱਧ ਕਬੱਡੀ ਖਿਡਾਰੀ ਸੋਹਣ ਸਿੰਘ ਗੁਨੋਮਾਜਰਾ ਨੇ ਕਮਲਜੀਤ ਸਿੰਘ, ਗੁਰਜੰਟ ਸਿੰਘ, ਅਮਰਜੀਤ ਸਿੰਘ, ਗੁਰਚਰਨ ਸਿੰਘ ਬਿੱਲਾ ਤੇ ਮੋਹਣ ਸਿੰਘ ਆਦਿ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਾਮਿਲ ਹੁੰਦਿਆਂ ਕਿਹਾ ਕਿ ਅਕਾਲੀ ਦਲ, ਕਾਂਗਰਸ ਤੇ ਭਾਜਪਾ ਆਦਿ ਪਾਰਟੀਆਂ ਨੇ ਆਮ ਲੋਕਾਂ ਤੇ ਨੌਜਵਾਨਾਂ ਨੂੰ ਸਿਰਫ਼ ਸਵਾਰਥ ਲਈ ਵਰਤਕੇ ਆਪਣੇ ਕਾਰੋਬਾਰ ਸਥਾਪਿਤ ਕੀਤੇ, ਜਦਕਿ ਆਮ ਆਦਮੀ ਪਾਰਟੀ ਨੇ ਜਿੱਥੇ ਦਿੱਲੀ ਵਿੱਚ ਬਣਦੀਆਂ ਸਹੂਲਤਾਂ ਨੂੰ ਲਾਗੂ ਕੀਤਾ, ਉਥੇ ਪੰਜਾਬ ‘ਚ ਵੀ ਪਾਰਟੀ ਨੇ ਲੋਕ ਹੱਕੀ ਮੰਗਾਂ ਪੂਰੀਆਂ ਕਰਨ ਲਈ ਸੰਘਰਸ਼ ਕੀਤਾ।
ਇਸ ਲਈ ਉਨ੍ਹਾਂ ਸਿਆਸਤ ਰਾਹੀਂ ਪੰਜਾਬ ਦਾ ਭਵਿੱਖ ਬਦਲਣ ਲਈ ਆਪ ਪਾਰਟੀ ਨਾਲ ਜੁੜਨ ਦਾ ਫ਼ੈਸਲਾ ਕੀਤਾ। ਸ. ਮਲੋਆ ਨੇ ਇਨ੍ਹਾਂ ਨੌਜਵਾਨਾਂ ਦਾ ਪਾਰਟੀ ਮਫ਼ਲਰ ਪਾ ਕੇ ਸ਼ਾਮਿਲ ਕਰਦਿਆਂ ਕਿਹਾ ਕਿ ਅੱਜ ਪੰਜਾਬ ਦਾ ਨੌਜਵਾਨ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਰਿਹਾ ਹੈ। ਇਸ ਲਈ ਅਗਲਾ ਸਮਾਂ ਬਦਲਣ ਦੇ ਸੰਕੇਤ ਹਨ। ਇਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਦਾ ਪਾਰਟੀ ਵਿੱਚ ਅਹੁਦੇ ਦੇ ਕੇ ਬਣਦਾ ਸਨਮਾਨ ਕੀਤਾ ਜਾਵੇਗਾ ਅਤੇ ਅਗਲੇ ਦਿਨਾਂ ‘ਚ ਹੋਰ ਵੀ ਨਾਮੀ ਸਖਸ਼ੀਅਤਾਂ ਨੂੰ ਸ਼ਾਮਿਲ ਕੀਤਾ ਜਾਵੇਗਾ।