ਪ੍ਰਧਾਨ ਮੰਤਰੀ ਕੋਸ਼ਲ ਕੇਂਦਰ ਸਰਦੂਲਗੜ੍ਹ ਨੂੰ ਹੈਲਥ ਕੇਅਰ ਸੈਕਟਰ ਨਾਲ ਸਬੰਧਤ ਟਰੇਨਿੰਗ ਲਈ ਕੀਤਾ ਗਿਆ ਲਾਂਚ : ਏ.ਡੀ.ਸੀ.
ਮਾਨਸਾ, 18 ਜੂਨ
ਦੇਸ ਦੇ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਵੱਖ-ਵੱਖ ਸਕਿੱਲ ਸੈਂਟਰਾਂ ਵਿੱਚ ਵੀਡੀਓ ਕਾਨਫਰੰਸ ਰਾਹੀਂ ਕਸਟਮਾਇਜ਼ਡ ਕਰੈਸ਼ ਕੋਰਸ ਪ੍ਰੋਗਰਾਮ ਫਾਰ ਫਾਰ ਕੋਵਿਡ ਵਾਰਿਅਰ (Customised Crash Course Programme for COVID Warriors) ਸਬੰਧੀ ਸਪੈਸ਼ਲ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਇਸ ਪ੍ਰੋਗਰਾਮ ਅਧੀਨ ਨੌਜਵਾਨਾਂ ਨੂੰ ਹੈਲਥ ਸੈਕਟਰ ਨਾਲ ਸਬੰਧਤ ਕੋਰਸਾਂ ਦੀ ਟਰੇਨਿੰਗ ਮੁਫਤ ਵਿੱਚ ਮੁਹੱਇਆ ਕਰਵਾਈ ਜਾਵੇਗੀ, ਜਿਸ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਤਿਆਰ ਕਰਨਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ-ਕਮ-ਨੋਡਲ ਅਫ਼ਸਰ ਪੀ.ਐਸ.ਡੀ.ਐਮ. ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਪ੍ਰਧਾਨਮੰਤਰੀ ਕੌਸ਼ਲ ਕੇਂਦਰ ਸਰਦੂਲਗੜ੍ਹ ਨੂੰ ਅੱਜ ਲਾਂਚ ਕੀਤਾ ਗਿਆ ਹੈ। ਸੈਂਟਰ ਵਿਖੇ ਨੋਜਵਾਨਾਂ ਨੂੰ ਪੀ.ਐਮ. ਕੇ. ਵੀ. ਵਾਈ. 3.0 ਸਕੀਮ ਅਧੀਨ ਹੋਮ ਹੈਲਥ ਏਡ ਕੋਰਸ ਵਿੱਚ 21 ਦਿਨਾਂ ਦੀ ਟਰੇਨਿੰਗ ਦਿੱਤੀ ਜਾਵੇਗੀ। ਟਰੇਨਿੰਗ ਉਪਰੰਤ ਉਮੀਦਵਾਰਾਂ ਨੂੰ 3 ਮਹੀਨੇ ਲਈ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿੱਚ ਆਨ ਜਾਬ ਟਰੇਨਿੰਗ (OJT) ਤੇ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦੋਰਾਨ ਉਮੀਦਵਾਰਾਂ ਨੂੰ ਸਰਕਾਰ ਦੁਆਰਾ ਮਾਣ-ਭੱਤਾ ਵੀ ਦਿੱਤਾ ਜਾਵੇਗਾ। ਇਸ ਨਾਲ ਜਿੱਥੇ ਜ਼ਿਲ੍ਹੇ ਵਿੱਚ ਕਰੋਨਾ ਮਹਾਮਾਰੀ ਦੌਰਾਨ ਸਿਹਤ ਵਿਭਾਗ ਨੂੰ ਆ ਰਹੀਆਂ ਕੁਸ਼ਲ ਕਾਮਿਆ ਦੀ ਕਮੀ ਨੂੰ ਦੂਰ ਕੀਤਾ ਜਾ ਸਕੇਗਾ, ਉੱਥੇ ਨੌਜਵਾਨਾਂ ਨੂੰ ਰੋਜਗਾਰ ਅਤੇ ਸਮਾਜ ਸੇਵਾ ਦਾ ਮੌਕਾ ਵੀ ਮਿਲੇਗਾ।
ਇਸ ਮੌਕੇ ਸਿਹਤ ਵਿਭਾਗ ਮਾਨਸਾ ਵੱਲੋਂ ਡਾ. ਰਣਜੀਤ ਸਿੰਘ ਰਾਏ, ਨਾਇਬ ਤਹਿਸੀਲਦਾਰ ਸ਼੍ਰੀ ਓਮ ਪ੍ਰਕਾਸ਼ ਜਿੰਦਲ ਨਾਇਬ ਤਹਿਸੀਲਦਾਰ ਸਰਦੂਲਗੜ੍ਹ, ਮਿਸ਼ਨ ਮੈਨੇਜਰ ਪੀ.ਐਸ.ਡੀ.ਐਮ. ਮਾਨਸਾ ਸ਼੍ਰੀ ਮਨੋਜ ਕੁਮਾਰ ਅਤੇ ਆਈ.ਟੀ.ਆਈ, ਮਾਨਸਾ ਦੇ ਨੁਮਾਇੰਦੇ ਵੀ ਸ਼ਾਮਿਲ ਹੋਏ। ਡਾ. ਰਣਜੀਤ ਰਾਏ ਨੇ ਸਿੱਖਿਆਰਥੀਆਂ ਨੂੰ ਪ੍ਰੋਤਸਾਹਿਤ ਕੀਤਾ ਅਤੇ ਕਰੋਨਾ ਨਾਲ ਲੜਨ ਲਈ ਮਹੱਤਵਪੂਰਨ ਜਾਣਕਾਰੀ ਦਿੱਤੀ।
ਉਨ੍ਹਾ ਕਿਹਾ ਕਿ ਕਰੋਨਾ ਫੈਲਾਅ ਤੋਂ ਬਚਣ ਲਈ ਸਮੇਂ-ਸਮੇਂ ਹੱਥ ਧੋਣਾ, ਸਮਾਜਿਕ ਦੂਰੀ ਅਤੇ ਮਾਸਕ ਪਹਿਨਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਨ੍ਹਾਂ ਨੇ ਸਾਰੇ ਸਿੱਖਿਆਰਥੀਆਂ ਅਤੇ ਸੈਂਟਰ ਦੇ ਸਟਾਫ ਨੂੰ ਵੈਕਸੀਨੇਸ਼ਨ ਕਰਵਾਉਣ ਲਈ ਕਿਹਾ ਜਿਸ ਦੇ ਲਈ ਜਲਦ ਹੀ ਉਹਨਾ ਦੇ ਵਿਭਾਗ ਵੱਲੋਂ ਸੈਂਟਰ ਵਿਖੇ ਇੱਕ ਵੈਕਸੀਨੇਸ਼ਨ ਕੈਂਪ ਲਗਵਾਇਆ ਜਾਵੇਗਾ। ਉਨ੍ਹਾ ਕਿਹਾ ਕਿ ਸਰਕਾਰ ਵੱਲੋਂ ਟਰੇਨਿੰਗ ਸਬੰਧੀ ਕੀਤਾ ਗਿਆ ਇਹ ਉਪਰਾਲਾ ਕਾਫੀ ਲਾਹੇਵੰਦ ਸਾਬਿਤ ਹੋਵੇਗਾ ਅਤੇ ਇਸ ਪ੍ਰੋਗਰਾਮ ਨਾਲ ਸਿਹਤ ਵਿਭਾਗ ਨੂੰ ਕਰੋਨਾ ਮਹਾਂਮਾਰੀ ਨਾਲ ਲੜਨ ਵਿੱਚ ਕਾਫੀ ਮਦਦ ਮਿਲੇਗੀ।