ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਲੋਕਾਂ ਦਾ ਲੱਕ ਤੋੜਿਆ – ਚੇਅਰਮੈਨ ਬਾਜਵਾ
ਬਟਾਲਾ, 5 ਜੁਲਾਈ (2021) – ਦੇਸ਼ ਭਰ ਅੰਦਰ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਅਤੇ ਅਸਮਾਨ ਛੂਹ ਰਹੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਅਤੇ ਮੋਦੀ ਸਰਕਾਰ ਦੇ ਰਾਜ ਵਿੱਚ ਦੇਸ਼ ਦੇ ਲੋਕ ਇਸ ਸਮੇਂ ਸਭ ਤੋਂ ਮਾੜੇ ਦੌਰ ਵਿਚੋਂ ਗੁਜ਼ਰ ਰਹੇ ਹਨ। ਇਹ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੇ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਦੇਸ਼ ਦੇ ਲੋਕਾਂ ਨੂੰ ਚੰਗੇ ਦਿਨਾਂ ਦੇ ਸੁਪਨੇ ਦਿਖਾ ਕੇ ਠੱਗ ਲਿਆ ਹੈ ਅਤੇ ਲੋਕ ਪਿਛਲੇ 7 ਸਾਲਾਂ ਤੋਂ ਹਰ ਦਿਨ ਮੋਦੀ ਸਰਕਾਰ ਦੇ ਬੁਰੇ ਦਿਨਾਂ ਨੂੰ ਝੱਲ ਰਹੇ ਹਨ।
ਚੇਅਰਮੈਨ ਬਾਜਵਾ ਨੇ ਕਿਹਾ ਕਿ ਪੈਟਰੋਲ ਤੇ ਡੀਜ਼ਲ ਦੇ ਰੇਟ ਸੈਂਕੜੇ ਤੋਂ ਪਾਰ ਹੋ ਗਏ ਹਨ ਅਤੇ ਪੈਟਰੋਲ ਪਦਾਰਥਾਂ ਦੀਆਂ ਵਧੀਆਂ ਕੀਮਤਾਂ ਕਾਰਨ ਮਹਿੰਗਾਈ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਦਾ ਨਤੀਜਾ ਹੈ ਕਿ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਤਾਂ ਨਿੱਤ ਦਿਨ ਘੱਟ ਰਹੀਆਂ ਹਨ ਪਰ ਸਾਡੇ ਦੇਸ਼ ਅੰਦਰ ਤੇਲ ਦੀਆਂ ਕੀਮਤਾਂ ਇਸਦੇ ਉੱਲਟ ਵੱਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਦੇਸ਼ ਮਹਿੰਗਾਈ ਦੀ ਅੱਗ ਵਿਚ ਸੜ ਰਿਹਾ ਹੈ ਪਰ ਭਾਜਪਾ ਵੱਲੋਂ ਇਸ ਉੱਪਰ ਮੁਜ਼ਮਰਾਨਾਂ ਚੁੱਪ ਧਾਰਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਅੰਦਰ ਫਿਰਕੂ ਮਾਹੌਲ ਪੈਦਾ ਕਰਕੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਇਆ ਜਾਂਦਾ ਰਿਹਾ ਹੈ ਪਰ ਹੁਣ ਲੋਕ ਜਾਗਰੂਕ ਹੋ ਗਏ ਹਨ ਅਤੇ ਭਾਜਪਾ ਦਾ ਅਸਲ ਚਿਹਰਾ ਪਛਾਣ ਗਏ ਹਨ।
ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਨੇ ਕਿਹਾ ਕਿ ਮੋਦੀ ਸਰਕਾਰ ਦੀ ਬਦ-ਇੰਤਜ਼ਾਮੀ ਦਾ ਸਿਖਰ ਹੋ ਚੁੱਕਾ ਹੈ ਅਤੇ ਇਹੀ ਕਾਰਨ ਹੈ ਕਿ ਬੀਤੇ ਸਮੇਂ ਹੋਈਆਂ ਵੱਖ-ਵੱਖ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਲੋਕ ਪੂਰੀ ਤਰਾਂ ਅੱਕੇ ਪਏ ਹਨ ਅਤੇ ਅਗਾਮੀ ਲੋਕ ਸਭਾ ਚੋਣਾਂ ਵਿੱਚ ਮੋਦੀ ਸਰਕਾਰ ਦਾ ਤਖਤ ਪਲਟਣ ਨੂੰ ਦੇਸ਼ ਦੇ ਲੋਕ ਪੂਰੀ ਤਰਾਂ ਤਿਆਰ ਹਨ।