ਪਿੰਡ ਭਿੰਡਰਾਂ ’ਚ 55 ਲੋੜਵੰਦਾਂ ਨੂੰ ਵੰਡੇ 5-5 ਮਰਲੇ ਦੇ ਮੁਫ਼ਤ ਪਲਾਟਾਂ ਦੇ ਮਨਜ਼ੂਰੀ ਪੱਤਰ
ਸੰਗਰੂਰ, 5 ਜੁਲਾਈ 2021: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਨਵੇਂ ਪ੍ਰੋਜੈਕਟ ਤਿਆਰ ਕਰਨ ਦੇ ਨਾਲ-ਨਾਲ ਸਮਾਜ ਭਲਾਈ ਸਕੀਮਾਂ ਦਾ ਲਾਭ ਵੀ ਅਸਲ ਲੋੜਵੰਦਾਂ ਤੱਕ ਪੁੱਜਦਾ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਅਤੇ ਸੰਗਰੂਰ ਹਲਕੇ ਤੋਂ ਵਿਧਾਇਕ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਨੇੜਲੇ ਪਿੰਡ ਭਿੰਡਰਾਂ ਵਿਖੇ ਲਗਭਗ 55 ਲੋੜਵੰਦਾਂ ਨੂੰ ਘਰ ਬਣਾਉਣ ਲਈ 5-5 ਮਰਲੇ ਦੇ ਪਲਾਟਾਂ ਦੇ ਮਨਜ਼ੂਰੀ ਪੱਤਰ ਵੰਡਣ ਮੌਕੇ ਕੀਤਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਮਾਜ ਭਲਾਈ ਸਕੀਮਾਂ ਦਾ ਲਾਭ ਅਸਲ ਲੋੜਵੰਦਾਂ ਤੱਕ ਕਾਂਗਰਸ ਸਰਕਾਰ ਵੱਲੋਂ ਹੀ ਪੁੱਜਦਾ ਕੀਤਾ ਜਾ ਰਿਹਾ ਹੈ ਅਤੇ ਸੰਗਰੂਰ ਹਲਕੇ ਦੇ ਹਰ ਪਿੰਡ ’ਚ ਪੈਨਸ਼ਨ, ਮੁਫ਼ਤ ਬੱਸ ਪਾਸ, 5-5 ਮਰਲੇ ਦੇ ਮੁਫ਼ਤ ਪਲਾਟ ਤੇ ਹੋਰਨਾਂ ਭਲਾਈ ਸਕੀਮਾਂ ਦੀ ਨਿਗਰਾਨੀ ਉਹ ਆਪ ਕਰ ਰਹੇ ਹਨ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਪੈਨਸ਼ਨਾਂ ਦੇ ਲਾਭ ਨੂੰ 1500 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ ਜਿਸਦਾ ਲਾਭਪਾਤਰੀਆਂ ਨੂੰ ਲਾਭ ਜੁਲਾਈ ਮਹੀਨੇ ਤੋਂ ਸ਼ੁਰੂ ਹੋ ਗਿਆ ਹੈ। ਉਨਾਂ ਕਿਹਾ ਕਿ ਉਨਾਂ ਵੱਲੋਂ ਚੋਣਾਂ ਤੋਂ ਪਹਿਲਾਂ ਸੰਗਰੂਰ ਹਲਕੇ ਦੇ ਲੋਕਾਂ ਨਾਲ ਕੀਤਾ ਗਿਆ ਹਰ ਇੱਕ ਵਾਅਦਾ ਉਹ ਹਰ ਹਾਲ ਪੂਰਾ ਕਰਵਾਉਣਗੇ।
ਇਸ ਮੌਕੇ ਬੋਲਦਿਆਂ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਸੰਗਰੂਰ ਹਲਕਾ ਉਨਾਂ ਦਾ ਆਪਣਾ ਪਰਿਵਾਰ ਹੈ ਅਤੇ ਆਪਣੇ ਹਲਕੇ ਦੇ ਹਰ ਪਿੰਡ ਦੇ ਸ਼ਹਿਰ ਦੇ ਹਰ ਵਾਰਡ ਦੇ ਸਮਾਨਾਂਤਰ ਵਿਕਾਸ ਲਈ ਉਹ ਹਰ ਵੇਲੇ ਯਤਨਸ਼ੀਲ ਹਨ। ਉਨਾਂ ਕਿਹਾ ਕਿ ਪਿੰਡਾਂ ’ਚ ਗਲੀਆਂ-ਨਾਲੀਆਂ ਤੋਂ ਇਲਾਵਾ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਲਈ ਟੋਭਿਆਂ ਦੀ ਸਫ਼ਾਈ ਕਰਵਾ ਕੇ ਕਰੋੜਾਂ ਰੁਪਏ ਦੀ ਲਾਗਤ ਨਾਲ ਉਨਾਂ ਦਾ ਨਵੀਨੀਕਰਨ ਕਰਵਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਗੰਦਗੀ ਨਾਲ ਭਰੇ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਕਾਰਨ ਬਣਨ ਵਾਲੇ ਟੋਭੇ ਕਾਂਗਰਸ ਸਰਕਾਰ ਵੱਲੋਂ ਨਵੀਨੀਕਰਨ ਕਰਵਾ ਕੇ ਸੈਰਗਾਹਾਂ ’ਚ ਬਦਲੇ ਜਾ ਰਹੇ ਹਨ। ਉਨਾਂ ਕਿਹਾ ਕਿ ਟੋਭਿਆਂ ਦੇ ਨਵੀਨੀਕਰਨ ਨਾਲ ਜਿੱਥੇ ਸਫ਼ਾਈ ’ਚ ਵਾਧਾ ਹੋਇਆ ਹੈ, ਉੱਥੇ ਹੀ ਇਨਾਂ ਰਾਹੀਂ ਪਾਣੀ ਵੀ ਧਰਤੀ ’ਚ ਜ਼ੀਰਨ ਲੱਗ ਗਿਆ ਹੈ ਜਿਸ ਨਾਲ ਧਰਤੀ ਹੇਠਲਾ ਪਾਣੀ ਵੀ ਰੀਚਾਰਜ ਹੋਵੇਗਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਨਾਂ ਸਹੂਲਤਾਂ ਤੋਂ ਇਲਾਵਾ ਸੰਗਰੂਰ ਹਲਕੇ ’ਚ ਨਵੀਆਂ ਸੜਕਾਂ ਦਾ ਜਾਲ ਇਸ ਤਰੀਕੇ ਵਿਛਾਇਆ ਗਿਆ ਹੈ ਕਿ ਪਿੰਡ ਵਾਸੀਆਂ ਨੂੰ ਸ਼ਹਿਰ ਜਾਂ ਹੋਰ ਸੁਖ ਸਹੂਲਤਾਂ ਤੱਕ ਪਹੁੰਚ ਮੌਕੇ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਕਿਹਾ ਕਿ ਇਸਦੇ ਨਾਲ ਹੀ ਹਰ ਇੱਕ ਸਰਕਾਰੀ ਸਕੂਲ ਦੀ ਦਸ਼ਾ ਸੁਧਾਰਨ ਦਾ ਵੀ ਯਤਨ ਕੀਤਾ ਗਿਆ ਹੈ ਜਿਸਦੇ ਵੀ ਸਾਰਥਕ ਨਤੀਜੇ ਨਿਕਲ ਕੇ ਸਾਹਮਣੇ ਆ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਦੀ ਪੰਚਾਇਤ ਦੇ ਨੁਮਾਇੰਦੇ ਤੇ ਹੋਰ ਪਤਵੰਤੇ ਹਾਜ਼ਰ ਸਨ।