ਨੈਸ਼ਨਲ ਅਚੀਵਮੈਂਟ ਸਰਵੇ ਲਈ ਸਿੱਖਿਆ ਵਿਭਾਗ ਵੱਲੋਂ ਮਸ਼ਕਾਂ ਆਰੰਭ
ਪਟਿਆਲਾ, 15 ਜੁਲਾਈ 2021 : ਸਿੱਖਿਆ ਦੇ ਖੇਤਰ ‘ਚ ਦੇਸ਼ ਦੇ ਅੱਵਲ ਨੰਬਰ ਸੂਬੇ ਪੰਜਾਬ ਵੱਲੋਂ ਆਪਣੇ ਖਿਤਾਬ ਨੂੰ ਕਾਇਮ ਰੱਖਣ ਲਈ ਕੇਂਦਰ ਸਰਕਾਰ ਵੱਲੋਂ ਨਵੰਬਰ ਮਹੀਨੇ ‘ਚ ਕਰਵਾਏ ਜਾਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇ (ਨੈਸ) ਲਈ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ। ਜਿਸ ਤਹਿਤ ਅੱਜ ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ ਦੀ ਪ੍ਰਧਾਨਗੀ ‘ਚ ਇੱਥੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ਵਿਖੇ ਜਿਲ੍ਹੇ ਦੇ ਸਮੂਹ ਸੈਂਟਰ ਹੈੱਡ ਟੀਚਰਜ਼ ਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਮੈਂਬਰਾਂ ਦੀ ਉੱਚ ਪੱਧਰੀ ਮੀਟਿੰਗ ਹੋਈ।
ਜਿਸ ਦੌਰਾਨ ਡੀ.ਈ.ਓ. (ਐਲੀ.ਸਿੱ.) ਨੇ ਜਿਲ੍ਹੇ ਦੇ ਪ੍ਰਾਇਮਰੀ ਵਿੰਗ ਦੇ ਅਧਿਆਪਕਾਂ ਨੂੰ ਨੈਸ਼ਨਲ ਅਚੀਵਮੈਂਟ ਸਰਵੇਖਣ ਸਬੰਧੀ ਵਿਸਥਾਰ ‘ਚ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਰਵੇਖਣ ਸਕੂਲਾਂ ਦੀ ਵਿਦਿਅਕ ਗੁਣਵੱਤਾ, ਵਿੱਦਿਅਕ ਗਤੀਵਿਧੀਆਂ ਨਾਲ ਸਬੰਧਤ ਸਮੱਗਰੀ ਤੇ ਸਹੂਲਤਾਂ, ਸਕੂਲ ਪ੍ਰਬੰਧਨ ਤੇ ਸਕੂਲਾਂ ਦੇ ਸਮਾਜ ‘ਚ ਪ੍ਰਭਾਵ ਬਾਰੇ ਸਰਵੇਖਣ ਹੋਵੇਗਾ। ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਨਵੰਬਰ ਮਹੀਨੇ ‘ਚ ਹੋਣ ਵਾਲੇ ਨੈਸ ਦੀ ਤਿਆਰੀ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ ਅਗਸਤ, ਸਤੰਬਰ ਤੇ ਅਕਤੂਬਰ ਮਹੀਨੇ ਦੇ ਪਹਿਲੇ ਹਫਤੇ ਦੌਰਾਨ ਮਸ਼ਕਾਂ ਕੀਤੀਆਂ ਜਾਣਗੀਆਂ। ਜਿਸ ਤਹਿਤ ਨੈਸ ਦੀ ਤਰਜ਼ ‘ਤੇ ਰਾਜ ਦੇ ਸਾਰੇ ਸਰਕਾਰੀ ਸਕੂਲਾਂ ‘ਚ ਤਿੰਨ੍ਹ ਪੜਾਵਾਂ ‘ਚ ਅਭਿਆਸ ਕੀਤਾ ਜਾਵੇਗਾ। ਇਸ ਉਪਰੰਤ ਜਦੋਂ ਵੀ ਨੈਸ ਹੁੰਦਾ ਤਾਂ ਉਸੇ ਦਿਨ ਹੈ ਰਾਜ ਭਰ ਦੇ ਹਰੇਕ ਸਕੂਲ ਤੇ ਵਿਦਿਆਰਥੀਆਂ ‘ਤੇ ਅਧਾਰਤ ਪੰਜਾਬ ਅਚੀਵਮੈਂਟ ਸਰਵੇ (ਪੈਸ) ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨੈਸ ਤਹਿਤ ਰਾਜ ਦੇ ਚੋਣਵੇਂ ਸਕੂਲਾਂ ‘ਚ ਸਰਵੇਖਣ ਹੋਵੇਗਾ ਜਦਕਿ ਪੈਸ ਰਾਜ ਦੇ ਹਰੇਕ ਸਕੂਲ ਤੇ ਵਿਦਿਆਰਥੀ ਨੂੰ ਆਪਣੇ ਕਲਾਵੇ ‘ਚ ਲਵੇਗਾ।
ਇੰਜੀ. ਅਮਰਜੀਤ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਤਿਆਰ ਕੀਤੇ ਗਏ ਨਮੂਨੇ ਦੀ ਪ੍ਰਸ਼ਨਾਵਲੀ ਜਿਲ੍ਹੇ ਦੇ ਹਰੇਕ ਸਕੂਲ ਤੱਕ ਪੁੱਜਦੀ ਕੀਤੀ ਜਾ ਚੁੱਕੀ ਹੈ। ਜਿਸ ਤਹਿਤ ਹੀ ਨੈਸ ਦੀ ਯੋਜਨਾਬੱਧ ਤਰੀਕੇ ਨਾਲ ਤਿਆਰੀ ਕੀਤੀ ਜਾਵੇਗੀ। ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਮਨਵਿੰਦਰ ਕੌਰ ਭੁੱਲਰ ਨੇ ਅਧਿਆਪਕਾਂ ਨੂੰ ਨੈਸ ਸਬੰਧੀ ਵਿਦਿਆਰਥੀਆਂ, ਮਾਪਿਆਂ ਤੇ ਖੁਦ ਨੂੰ ਜਾਗਰੂਕ ਹੋਣ ਸਬੰਧੀ ਚਾਨਣਾ ਪਾਇਆ। ਉਨ੍ਹਾਂ ਅਧਿਆਪਕਾਂ ਨੂੰ ਨੈਸ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਵਿਧੀਆਂ ਵੀ ਦੱਸੀਆ। ਇਸ ਮੌਕੇ ਮੀਡੀਆ ਕੋਆਰਡੀਨੇਟਰ ਡਾ. ਸੁਖਦਰਸ਼ਨ ਸਿੰਘ ਚਹਿਲ ਤੇ ਪਰਵਿੰਦਰ ਸਿੰਘ ਸਰਾਂ, ਪੜ੍ਹੋ ਪੰਜਾਬ ਦੇ ਜਿਲ੍ਹਾ ਕੋਆਰਡੀਨੇਟਰ ਰਾਜਵੰਤ ਸਿੰਘ, ਡਾ. ਨਰਿੰਦਰ ਸਿੰਘ ਤੇਜਾ, ਤਲਵਿੰਦਰ ਸਿੰਘ, ਆਈ.ਸੀ.ਟੀ. ਕੋਆਰਡੀਨੇਟਰ ਹਰਦੇਵ ਸਿੰਘ, ਲਖਵਿੰਦਰ ਸਿੰਘ ਕੌਲੀ, ਜਗਜੀਤ ਸਿੰਘ ਵਾਲੀਆ ਤੇ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ।