ਦੀਨਾਨਗਰ ਦੇ ਸ਼ਾਹੀ ਮਹਿਲ ਵਿੱਚ ਸਦੀਆਂ ਬਾਅਦ ਗੂੰਜੀਆਂ ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਦੀਆਂ ਵਾਰਾਂ
ਬਟਾਲਾ, 29 ਜੂਨ (2021) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 182ਵੀਂ ਬਰਸੀ ਅੱਜ ਉਨ੍ਹਾਂ ਦੇ ਸ਼ਾਹੀ ਮਹਿਲ (ਬਾਰਾਂਦਰੀ) ਦੀਨਾਨਗਰ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਪੰਜਾਬ ਹੈਰੀਟੇਜ ਐਂਡ ਕਲਚਰਲ ਸੁਸਾਇਟੀ, ਬਟਾਲਾ ਵੱਲੋਂ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਵਿੱਚ ਸੰਗਤਾਂ ਨੇ ਆਪਣੀ ਹਾਜ਼ਰੀ ਭਰੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹੀ ਤਖਤ ’ਤੇ ਰੱਖੀ ਉਨ੍ਹਾਂ ਦੀ ਤਸਵੀਰ ਉੱਪਰ ਫੁੱਲ ਮਲਾਵਾਂ ਭੇਟ ਕੀਤੀਆਂ। ਇਸ ਮੌਕੇ ਭਾਈ ਸ਼ਮਸ਼ੇਰ ਸਿੰਘ ਮਿਸ਼ਰਪੁਰਾ ਦੇ ਢਾਡੀ ਜਥੇ ਵੱਲੋਂ ਢਾਡੀ ਵਾਰਾਂ ਰਾਹੀਂ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਬਾਰੇ ਵੱਖ-ਵੱਖ ਪ੍ਰਸੰਗ ਪੇਸ਼ ਕੀਤੇ ਗਏ। ਅੱਜ ਸਦੀਆਂ ਬਾਅਦ ਇਸ ਸ਼ਾਹੀ ਮਹਿਲ ਵਿੱਚ ਸ਼ੇਰ-ਏ-ਪੰਜਾਬ ਦੀ ਬਹਾਦਰੀ ਦੀਆਂ ਵਾਰਾਂ ਗੂੰਜੀਆਂ।
ਸ਼ੇਰ-ਏ-ਪੰਜਾਬ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪੰਜਾਬ ਹੈਰੀਟੇਜ ਐਂਡ ਕਲਚਰਲ ਸੁਸਾਇਟੀ, ਬਟਾਲਾ ਦੇ ਨੁਮਾਇੰਦੇ ਇੰਦਰਜੀਤ ਸਿੰਘ ਹਰਪੁਰਾ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਉਹ ਬਾਦਸ਼ਾਹ ਸਨ ਜਿਨ੍ਹਾਂ ਨੇ ਇਕੱਲੇ ਰਣ ਹੀ ਨਹੀਂ ਜਿੱਤੇ ਸਨ ਬਲਕਿ ਆਪਣੀਆਂ ਨੇਕੀਆਂ ਕਾਰਨ ਅਵਾਮ ਦਾ ਦਿਲ ਵੀ ਜਿੱਤਿਆ ਸੀ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬੀਆਂ ਦੇ ਨਾਇਕ ਹਨ ਅਤੇ ਇਹੀ ਕਾਰਨ ਹੈ ਕਿ ਸ਼ੇਰ-ਏ-ਪੰਜਾਬ ਅੱਗੇ ਅੱਜ ਵੀ ਹਰ ਪੰਜਾਬੀ ਦਾ ਸਿਰ ਝੁਕਦਾ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਹਲੀਮੀ ਰਾਜ ਦੀਆਂ ਉਦਾਹਰਨਾ ਅੱਜ ਵੀ ਪੂਰੀ ਦੁਨੀਆਂ ਵਿੱਚ ਦਿੱਤੀਆਂ ਜਾਂਦੀਆਂ ਹਨ।
ਦੀਨਾਨਗਰ ਦੀ ਸ਼ਾਹੀ ਬਾਰਾਂਦਰੀ ਦੀ ਖਸਤਾ ਹਾਲਤ ਉੱਪਰ ਅਫਸੋਸ ਜ਼ਾਹਰ ਕਰਦਿਆਂ ਇੰਦਰਜੀਤ ਸਿੰਘ ਨੇ ਕਿਹਾ ਕਿ ਪੰਜ ਦਰਿਆਵਾਂ ਦੇ ਸ਼ੇਰ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹੀ ਮਹਿਲ ਦੀ ਇਹ ਦੁਰਦਸ਼ਾ ਹੋਣੀ ਸਾਡੇ ਸਾਰਿਆਂ ਉੱਪਰ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ। ਉਨ੍ਹਾਂ ਕਿਹਾ ਕਿ ਦੀਨਾਨਗਰ ਖਾਲਸਾ ਰਾਜ ਦੀ ਗਰਮੀਆਂ ਦੀ ਰਾਜਧਾਨੀ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਗਰਮੀਆਂ ਦਾ ਮੌਸਮ ਇਥੇ ਹੀ ਗੁਜ਼ਾਰਦੇ ਸਨ। ਉਨ੍ਹਾਂ ਕਿਹਾ ਕਿ ਅਕਾਲ ਚਾਲਣੇ ਤੋਂ ਇੱਕ ਸਾਲ ਪਹਿਲਾਂ ਵੀ ਸੰਨ 1838 ਦੇ ਮਈ ਜੂਨ ਮਹੀਨਿਆਂ ਵਿੱਚ ਸ਼ੇਰ-ਏ-ਪੰਜਾਬ ਨੇ ਦੀਨਾਨਗਰ ਦੇ ਇਸ ਸ਼ਾਹੀ ਮਹਿਲ ਵਿੱਚ ਆਪਣਾ ਦਰਬਾਰ ਲਗਾਇਆ ਸੀ। ਉਨ੍ਹਾਂ ਮੰਗ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਨੂੰ ਦੀਨਾਨਗਰ ਦੀ ਸ਼ਾਹੀ ਬਾਰਾਂਦਰੀ ਸਮੇਤ ਹੋਰ ਵੀ ਜਿਹੜੀਆਂ ਸਿੱਖ ਰਾਜ ਦੀਆਂ ਵਿਰਾਸਤੀ ਇਮਾਰਤਾਂ ਹਨ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ।
ਇਸ ਮੌਕੇ ਪੰਜਾਬ ਹੈਰੀਟੇਜ ਐਂਡ ਕਲਚਰਲ ਸੁਸਾਇਟੀ, ਬਟਾਲਾ ਦੇ ਪ੍ਰਧਾਨ ਬਲਦੇਵ ਸਿੰਘ ਰੰਧਾਵਾ ਨੇ ਕਿਹਾ ਕਿ ਆਪਣੇ ਕੌਮੀ ਨਾਇਕਾਂ ਨੂੰ ਯਾਦ ਰੱਖਣਾ ਸਾਡਾ ਫ਼ਰਜ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਇਤਿਹਾਸ ਨੂੰ ਬਹੁਤ ਵੱਡੀ ਦੇਣ ਹੈ ਅਤੇ ਇੱਕ ਵਿਸ਼ਾਲ ਖਿੱਤੇ ਉੱਪਰ ਉਨ੍ਹਾਂ ਨੇ ਆਪਣੀ ਕਾਬਲੀਅਤ ਨਾਲ ਰਾਜ ਕੀਤਾ। ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਦੀਨਾ ਨਗਰ ਦੀ ਸ਼ਾਹੀ ਬਾਰਾਂਦਰੀ ਦੀ ਮੁਰੰਮਤ ਕਰਕੇ ਇਸਦੀ ਸ਼ਾਨ ਨੂੰ ਮੁੜ ਬਹਾਲ ਕਰਨਾ ਚਾਹੀਦਾ ਹੈ।
ਇਸ ਮੌਕੇ ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਪ੍ਰਚਾਰਕ ਭਾਈ ਵਰਿਆਮ ਸਿੰਘ, ਕਿਸਾਨ ਆਗੂ ਸ਼ੇਰ-ਏ-ਪੰਜਾਬ ਸਿੰਘ, ਜਤਿੰਦਰਪਾਲ ਸਿੰਘ ਵਿੱਕੀ ਭਾਟੀਆ, ਸੁਖਦੇਵ ਸਿੰਘ ਨੇ ਵੀ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੇ ਵੱਖ-ਵੱਖ ਪੱਖਾਂ ਉੱਪਰ ਰੌਸ਼ਨੀ ਪਾਈ। ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।
ਇਸ ਮੌਕੇ ਪੰਜਾਬ ਹੈਰੀਟੇਜ ਐਂਡ ਕਲਚਰਲ ਸੁਸਾਇਟੀ ਦੇ ਜਨਰਲ ਸਕੱਤਰ ਠੇਕੇਦਾਰ ਕੁਲਵਿੰਦਰ ਸਿੰਘ ਲਾਡੀ ਜੱਸਲ, ਪ੍ਰੋਫੈਸਰ ਜਸਬੀਰ ਸਿੰਘ, ਅਨੁਰਾਗ ਮਹਿਤਾ, ਸੰਦੀਪ ਕੁਮਾਰ ਧਾਰੀਵਾਲ ਭੋਜਾ, ਵੈਬੀਜੋਤ ਸਿੰਘ ਕਾਹਲੋਂ, ਗੁਰਪ੍ਰੀਤ ਸਿੰਘ ਚਾਵਲਾ, ਹਰਪ੍ਰੀਤ ਸਿੰਘ ਨਿਰਗੁਨ, ਸੁਖਦੇਵ ਸਿੰਘ ਹਰਪੁਰਾ, ਭਾਈ ਮੈਹਣ ਸਿੰਘ, ਹਰਬਖਸ਼ ਸਿੰਘ, ਬਲਵਿੰਦਰ ਸਿੰਘ ਪੰਜਗਰਾਈਆਂ, ਡਾ. ਮਲਵਿੰਦਰ ਸਿੰਘ, ਗੁਰਦੀਪ ਸਿੰਘ ਸਰਪੰਚ ਹਰਦਾਨ, ਗੁਰਪਿੰਦਰ ਸਿੰਘ ਪੱਡਾ, ਵਰਿੰਦਰਪ੍ਰੀਤ ਸਿੰਘ ਅੰਮੋਨੰਗਲ, ਰਾਜਪ੍ਰੀਤ ਸਿੰਘ ਢਿੱਲੋਂ, ਪੋਹਲਾ ਸਿੰਘ, ਤਰਸੇਮ ਸਿੰਘ, ਸਰਪੰਚ ਮਨਦੀਪ ਸਿੰਘ ਟਣਾਨੀਵਾਲ, ਭੁਪਿੰਦਰ ਸਿੰਘ ਪੰਨੂ ਸਰਪੰਚ ਮਾੜੀ ਪੰਨਵਾਂ, ਮਾਸਟਰ ਰਣਜੀਤ ਸਿੰਘ ਛੀਨਾ, ਪਾਲਾ ਰਾਮ, ਹਰਪ੍ਰੀਤ ਸਿੰਘ, ਸਰਵਿੰਦਰ ਸਿੰਘ ਦੀਨਾਨਗਰ, ਸੁਖਵਿੰਦਰ ਸਿੰਘ ਪਾਹੜਾ ਤੋਂ ਇਲਾਵਾ ਹੋਰ ਸੰਗਤ ਵੀ ਹਾਜ਼ਰ ਸੀ।