ਤ੍ਰਿਪਤ ਬਾਜਵਾ ਨੇ ਦਿਆਲਗੜ੍ਹ ਜੀ.ਟੀ. ਰੋਡ ਤੋਂ ਕਾਦੀਆਂ ਰੋਡ ਤੱਕ 5 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਡਬਲ ਸੜਕ ਦਾ ਨੀਂਹ ਪੱਥਰ ਰੱਖਿਆ
ਬਟਾਲਾ, 28 ਜੂਨ (2021) -ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪਿੰਡ ਦਿਆਲਗੜ੍ਹ ਵਿਖੇ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਅਤੇ ਨਾਲ ਹੀ ਦਿਆਲਗੜ੍ਹ ਜੀ.ਟੀ. ਰੋਡ ਤੋਂ ਮਲਕਵਾਲ, ਕਾਲੀਆਂ, ਦਿਵਾਨੀਵਾਲ ਹੁੰਦੇ ਹੋਏ ਮੇਨ ਸੜਕ ਕਾਦੀਆਂ ਤੱਕ 5 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਡਬਲ ਸੜਕ ਦਾ ਨੀਂਹ ਪੱਥਰ ਵੀ ਰੱਖਿਆ।
ਸੜਕ ਦਾ ਨੀਂਹ ਪੱਥਰ ਰੱਖਣ ਮੌਕੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਦਿਆਲਗੜ੍ਹ ਜੀ.ਟੀ. ਰੋਡ ਤੋਂ ਮਲਕਵਾਲ, ਕਾਲੀਆਂ, ਦਿਵਾਨੀਵਾਲ ਵਾਇਆ ਮੇਨ ਸੜਕ ਕਾਦੀਆਂ ਤੱਕ ਬਣਨ ਵਾਲੀ ਇਹ ਸੜਕ ਰਾਹਗੀਰਾਂ ਲਈ ਬਹੁਤ ਵੱਡੀ ਸਹੂਲਤ ਸਾਬਤ ਹੋਵੇਗੀ ਅਤੇ ਇੱਕ ਤਰਾਂ ਨਾਲ ਇਹ ਸੜਕ ਕਾਦੀਆਂ ਰੋਡ ਤੋਂ ਗੁਰਦਾਸਪੁਰ ਜੀ.ਟੀ. ਰੋਡ ਤੱਕ ਬਾਈਪਾਸ ਦਾ ਕੰਮ ਵੀ ਕਰੇਗੀ। ਉਨ੍ਹਾਂ ਕਿਹਾ ਇਸ ਸੜਕ ਨੂੰ ਚੌੜਿਆਂ ਕਰਨ ਅਤੇ ਨਵੀਂ ਬਣਾਉਣ ਉੱਪਰ 5 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਜਲਦੀ ਹੀ ਇਸ ਸੜਕ ਦਾ ਨਿਰਮਾਣ ਮੁਕੰਮਲ ਕਰ ਲਿਆ ਜਾਵੇਗਾ।
ਇਸਦੇ ਨਾਲ ਹੀ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ, ਦਿਆਲਗੜ੍ਹ ਦੀ ਨਵੀਂ ਬਣੀ ਇਮਾਰਤ ਨੂੰ ਲੋਕ ਅਰਪਣ ਵੀ ਕੀਤਾ। ਸ. ਬਾਜਵਾ ਨੇ ਕੁਝ ਸਮਾਂ ਪਹਿਲਾਂ ਦਿਆਲਗੜ੍ਹ ਸਕੂਲ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਸੀ। ਦਿਆਲਗੜ੍ਹ ਸਕੂਲ ਵਿੱਚ ਤਿੰਨ ਨਵੇ ਸਮਾਰਟ ਕਲਾਸ ਰੂਮ, ਇੱਕ ਸਾਇੰਸ ਰੂਮ, ਆਰਟ ਐਂਡ ਕਰਾਫਟ ਰੂਮ ਅਤੇ ਇੱਕ ਨਵਾਂ ਗੇਟ ਬਣਾਇਆ ਗਿਆ ਹੈ।
ਸ. ਬਾਜਵਾ ਨੇ ਸਕੂਲ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੜ੍ਹਾਈ ਅਤੇ ਸਹੂਲਤਾਂ ਦੇ ਪੱਖ ਤੋਂ ਸੂਬਾ ਪੰਜਾਬ ਦੇ ਸਕੂਲ ਦੇਸ਼ ਭਰ ਵਿਚੋਂ ਇੱਕ ਨੰਬਰ ’ਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕੀਤਾ ਹੈ ਅਤੇ ਅੱਜ ਪੰਜਾਬ ਦੇ ਸਰਕਾਰੀ ਸਕੂਲ ਨਿੱਜੀ ਸਕੂਲਾਂ ਨੂੰ ਮਾਤ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਬੀਤੇ ਚਾਰ ਸਾਲਾਂ ਵਿੱਚ ਸੂਬੇ ਦਾ ਵਿਕਾਸ ਯੋਜਨਾਬੱਧ ਢੰਗ ਨਾਲ ਕਰਕੇ ਲੋਕਾਂ ਨੂੰ ਵੱਡੀ ਸਹੂਲਤ ਦਿੱਤੀ ਹੈ।
ਇਸ ਮੌਕੇ ਸਕੂਲ ਪ੍ਰਿੰਸੀਪਲ ਕਮਲੇਸ਼ ਕੌਰ, ਸਲਵਿੰਦਰ ਸਿੰਘ ਰੰਧਾਵਾ ਦਿਆਲਗੜ੍ਹ, ਅਵਤਾਰ ਸਿੰਘ ਐੱਸ.ਡੀ.ਓ. ਲੋਕ ਨਿਰਮਾਣ ਵਿਭਾਗ ਦਵਿੰਦਰ ਪਾਲ ਸਿੰਘ, ਜੋਤੀ ਸਰਪੰਚ ਹਰਸੀਆਂ, ਪਿੰਡ ਕਾਲੀਆਂ ਦੇ ਸਰਪੰਚ ਸੋਨੂੰ ਬਾਜਵਾ, ਬਲਵਿੰਦਰ ਸਿੰਘ ਸਰਪੰਚ ਦੀਵਾਨੀਵਾਲ, ਦਿਲਬਾਗ ਸਿੰਘ ਦਿਆਲਗੜ੍ਹ ਅਤੇ ਇਲਾਕੇ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ।