ਡੇਂਗੂ, ਮਲੇਰੀਆਂ ਅਤੇ ਚਿਕਨਗੁਨੀਆਂ ਤੋਂ ਬਚਾਅ ਲਈ ਕੀਤੇ ਜਾਣ ਪੁਖ਼ਤਾ ਪ੍ਰਬੰਧ ਡਿਪਟੀ ਕਮਿਸ਼ਨਰ
ਪਟਿਆਲਾ, 19 ਜੁਲਾਈ 2021 : ਬਰਸਾਤਾਂ ਦੇ ਮੌਸਮ ਵਿਚ ਡੇਂਗੂ, ਮਲੇਰੀਆਂ ਅਤੇ ਚਿਕਨਗੁਨੀਆਂ ਵਰਗੀਆਂ ਬਿਮਾਰੀਆਂ ਨੂੰ ਰੋਕਣ ਸਬੰਧੀ ਸਿਹਤ ਵਿਭਾਗ ਅਤੇ ਨਗਰ ਨਿਗਮ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਕਰਨ ਲਈ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਜ਼ਿਲ੍ਹੇ ਦੇ ਐਸ.ਡੀ.ਐਮਜ਼, ਸਿਹਤ ਵਿਭਾਗ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਡੇਂਗੂ ਸਬੰਧੀ ਜਾਗਰੂਕ ਕਰਨ ਲਈ ਬਣਾਏ ਪੋਸਟਰ ਨੂੰ ਜਾਰੀ ਕੀਤਾ ਅਤੇ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਜਿਲ੍ਹੇ ਚ ਫੌਗਿੰਗ ਲਗਾਤਾਰ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡੇਂਗੂ ਨਾਲ ਪਿਛਲੇ ਸਾਲਾਂ ਵਿਚ ਪ੍ਰਭਾਵਿਤ ਖੇਤਰਾਂ ਨੂੰ ਹਾਈ ਰਿਸਕ ਖੇਤਰ ਦੀ ਸ਼੍ਰੇਣੀ ਵਿਚ ਪਾਕੇ ਉਨ੍ਹਾਂ ਵੱਲ ਵੱਧ ਧਿਆਨ ਦਿੱਤਾ ਜਾਵੇ। ਉਨ੍ਹਾਂ ਪਿਛਲੇ ਸਾਲਾਂ ਦੌਰਾਨ ਡੇਂਗੂ ਤੇ ਚਿਕਨਗੁਨੀਆਂ ਤੋਂ ਪ੍ਰਭਾਵਿਤ ਭਾਰਤ ਨਗਰ, ਗੁਰੂ ਨਾਨਕ ਨਗਰ, ਤ੍ਰਿਪੜੀ, ਡੀ.ਐਮ.ਡਬਲਿਊ, ਅਰਬਨ ਅਸਟੇਟ, ਰਣਜੀਤ ਨਗਰ, ਅਨੰਦ ਨਗਰ, ਬਾਜਵਾ ਕਲੋਨੀ ਅਬਲੋਵਾਲ, ਬਹਾਦਰਗੜ੍ਹ, ਬਾਬੂ ਸਿੰਘ ਕਲੋਨੀ, ਸਨੌਰ, ਵਿਰਕ ਕਲੋਨੀ, ਰਤਨ ਨਗਰ, ਫੈਕਟਰੀ ਏਰੀਆਂ, ਬਾਬਾ ਦੀਪ ਸਿੰਘ ਨਗਰ, ਬਿਸ਼ਨ ਨਗਰ, ਜਗਤਾਰ ਨਗਰ, ਖਾਲਸਾ ਕਲੋਨੀ ਸਮੇਤ ਸਮਾਣਾ, ਨਾਭਾ, ਪਾਤੜ੍ਹਾ, ਰਾਜਪੁਰਾ, ਸਨੌਰ, ਘਨੌਰ, ਘੱਗਾ ਦੇ ਖੇਤਰਾਂ ਚ ਜਿਥੇ ਪਿਛਲੇ ਸਾਲਾਂ ਦੌਰਾਨ ਕੇਸ ਸਾਹਮਣੇ ਆਏ ਸਨ, ਉਥੇ ਜਾਂਚ ਤੇਜ ਕਰਨ ਲਈ ਕਿਹਾ ਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸ਼ੁੱਕਰਵਾਰ ਨੂੰ ਪਾਣੀ ਖੜੇ ਸਥਾਨਾਂ ਨੂੰ ਸਾਫ਼ ਕਰਨ ਲਈ ਚਲਾਈ ਜਾ ਰਹੀ ਡਰਾਈ ਡੇਅ ਮੁਹਿੰਮ ਨੂੰ ਹੋਰ ਤੇਜ਼ ਕਰਨ ਦੀ ਹਦਾਇਤ ਕੀਤੀ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੇਂਗੂ ਬੁਖਾਰ ਦੀ ਪੁਸ਼ਟੀ ਲਈ ਕੇਵਲ ਅਲਾਇਜਾ ਟੈਸਟ ਹੀ ਮਾਨਤਾ ਪ੍ਰਾਪਤ ਹੈ ਜੋ ਕਿ ਸਰਕਾਰੀ ਹਸਪਤਾਲ ਵਿਚ ਮੁਫ਼ਤ ਕੀਤੀ ਜਾਂਦਾ ਹੈ ਪਰ ਫਿਰ ਵੀ ਜੇਕਰ ਕੋਈ ਮਰੀਜ ਪ੍ਰਾਈਵੇਟ ਲੈਬ ਤੋਂ ਡੇਂਗੂ ਬੁਖਾਰ ਦੀ ਜਾਂਚ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਤੋਂ ਅਲਾਇਜਾ ਟੈਸਟ ਦਾ 600 ਰੁਪਏ ਤੋਂ ਵੱਧ ਵਸੂਲ ਨਹੀ ਕੀਤਾ ਜਾਵੇਗਾ ਅਤੇ ਜੇਕਰ ਕੋਈ ਲੈਬ ਵਾਲਾ ਅਲਾਇਜਾ ਟੈਸਟ ਲਈ 600 ਰੁਪਏ ਤੋਂ ਵੱਧ ਚਾਰਜ ਕਰਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਡੇਂਗੂ ਦੇ ਇਲਾਜ ਲਈ ਰਾਜਿੰਦਰਾ ਹਸਪਤਾਲ, ਮਾਤਾ ਕੁਸ਼ਲਿਆ ਅਤੇ ਸਬ ਡਵੀਜਨ ਹਸਪਤਾਲਾਂ ਵਿਚ ਡੇਂਗੂ ਮਰੀਜਾਂ ਦੇ ਇਲਾਜ ਲਈ ਡੇਂਗੂ ਵਾਰਡ ਸਥਾਪਤ ਕੀਤੇ ਜਾ ਚੁੱਕੇ ਹਨ।
ਮੀਟਿੰਗ ਵਿਚ ਹਾਜ਼ਰ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਟੀਮਾਂ ਬਣਾਕੇ ਘਰਾਂ ਜਾਕੇ ਲਾਰਵੇ ਦੀ ਜਾਂਚ ਕੀਤੀ ਜਾ ਰਹੀ ਹੈ। ਸਿਵਲ ਸਰਜਨ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਕੌਸਲਰਾਂ ਰਾਹੀਂ ਵਾਰਡਾਂ ਵਿਚ ਲੋਕਾਂ ਨੂੰ ਡੇਂਗੂ ਦੇ ਕਾਰਨਾਂ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕਰਨ ਅਤੇ ਸ਼ੁੱਕਰਵਾਰ ਨੂੰ ਡਰਾਈ ਡੇਅ ਵਜੋਂ ਖੜੇ ਪਾਣੀ ਵਾਲੇ ਸਥਾਨਾਂ ਨੂੰ ਸੁੱਕਾ ਰੱਖਣ ਲਈ ਪ੍ਰੇਰਿਤ ਕਰਨ ਲਈ ਮੁਹਿੰਮ ਚਲਾਈ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਮੈਡੀਕਲ ਹੈਲਪਲਾਈਨ ਟੋਲ ਫ੍ਰੀ ਨੰਬਰ 104 ‘ਤੇ ਫ਼ੋਨ ਕਰਕੇ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਸ ਮੌਕੇ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ) ਗੌਤਮ ਜੈਨ, ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਐਸ.ਡੀ.ਐਮ. ਸਮਾਣਾ ਨਮਨ ਮੜਕਨ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਲਾਲ ਵਿਸ਼ਵਾਸ, ਐਸ.ਡੀ.ਐਮ. ਰਾਜਪੁਰਾ ਖੁਸ਼ਦਿਲ ਸਿੰਘ, ਸਹਾਇਕ ਕਮਿਸ਼ਨਰ ਜਸਲੀਨ ਕੌਰ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਕਿਰਨ ਸ਼ਰਮਾ, ਜ਼ਿਲ੍ਹਾ ਐਪੀਡੋਮੋਲੋਜਿਸਟ ਡਾ ਸੁਮੀਤ ਸਿੰਘ ਸਮੇਤ ਐਸ.ਐਮ.ਓ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।