ਡੇਂਗੂ ਦੀ ਬਿਮਾਰੀ ਤੋਂ ਬਚਣ ਲਈ ਹਰ ਸ਼ੁਕਰਵਾਰ ਡਰਾਈ ਡੇਅ ਮਨਾਇਆ ਜਾਵੇ – ਡਾ. ਹਰਪਾਲ ਸਿੰਘ
ਬਟਾਲਾ, 16 ਜੂਨ (2021) – ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਐੱਸ.ਐੱਮ.ਓ. ਡਾ. ਹਰਪਾਲ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹਰ ਸ਼ੁਕਰਵਾਰ ਨੂੰ ਡਰਾਈ ਡੇਅ ਮਨਾਉਣ ਤਾਂ ਜੋ ਡੇਂਗੂ ਦੇ ਮੱਛਰ ਨੂੰ ਪਨਪਣ ਤੋਂ ਰੋਕਿਆ ਜਾ ਸਕੇ। ਡਾ. ਹਰਪਾਲ ਸਿੰਘ ਨੇ ਕਿਹਾ ਕਿ ਡੇਂਗੂ ਦੀ ਬਿਮਾਰੀ ਏਡੀਜ਼ ਨਾਮ ਦੇ ਮੱਛਰ ਤੋਂ ਕੱਟਣ ਨਾਲ ਹੁੰਦਾ ਹੈ। ਉਨਾਂ ਦੱਸਿਆ ਕਿ ਡੇਂਗੂ ਦਾ ਮੱਛਰ ਹਫਤੇ ਵਿੱਚ ਅੰਡੇ ਤੋਂ ਪੂਰਾ ਮੱਛਰ ਬਣਦਾ ਹੈ। ਇਸ ਲਈ ਸਾਰਿਆਂ ਨੂੰ ਹਫਤੇ ਦੇ ਹਰੇਕ ਸੁੱਕਰਵਾਰ ਨੂੰ ਡੇਂਗੂ ਦੇ ਲਾਰਵੇ ਨੂੰ ਪੈਦਾ ਕਰਨ ਵਾਲੀ ਜਗਾ (ਜਿਵੇਂ ਕਿ ਕੂਲਰਾਂ, ਗਮਲਿਆਂ, ਫਰਿੱਜਾਂ ਦੀਆਂ ਟਰੇਆਂ ਅਤੇ ਹੋਰ ਪਾਣੀ ਦੇ ਭਾਂਡੇ ਆਦਿ) ਨੂੰ ਸਾਫ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਡੇਂਗੂ ਦੀ ਬਿਮਾਰੀ ਫੈਲ ਸਕਦੀ ਹੈ, ਇਸ ਲਈ ਸਾਰਿਆਂ ਨੂੰ ਇਸ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ। ਉਨਾਂ ਕਿਹਾ ਕਿ ਡੇਂਗੂ ਦੀ ਬਿਮਾਰੀ ਤੋਂ ਸਾਵਧਾਨੀ ਵਰਤ ਕੇ ਅਸਾਨੀ ਨਾਲ ਬਚਿਆ ਜਾ ਸਕਦਾ ਹੈ।
ਐੱਸ.ਐੱਮ.ਓ. ਡਾ. ਹਰਪਾਲ ਸਿੰਘ ਨੇ ਦੱਸਿਆ ਕਿ ਡੇਂਗੂ ਬੁਖਾਰ ਨਾਲ ਵਿਅਕਤੀ ਦਾ ਸਰੀਰ ਦੁੱਖਦਾ ਹੈ, ਤੇਜ਼ ਬੁਖਾਰ ਹੁੰਦਾ ਹੈ, ਅੱਖਾਂ ਦੇ ਪਿਛਲੇ ਪਾਸੇ ਦਰਦਾਂ ਹੁੰਦੀਆਂ ਹਨ, ਕਿਸੇ-ਕਿਸੇ ਦੇ ਸਰੀਰ ਉੱਤੇ ਲਾਲ ਨਿਸ਼ਾਨ ਪੈ ਜਾਂਦੇ ਹਨ ਅਤੇ ਖੂਨ ਵਹਿੰਦਾ ਹੈ, ਪਲੇਟਲੈਟ ਘੱਟ ਹੋ ਸਕਦੇ ਹਨ। ਉਨਾਂ ਕਿਹਾ ਡੇਂਗੂ ਪੀੜਤ ਮਰੀਜ਼ ਨੂੰ ਦਵਾਈਆਂ ਦੀ ਬਹੁਤੀ ਲੋੜ ਨਹੀਂ ਹੁੰਦੀ ਅਤੇ ਇਸ ਲਈ ਆਮ ਦਵਾਈ ਹੀ ਕਾਫੀ ਹੁੰਦੀ ਹੈ। ਡਾ. ਹਰਪਾਲ ਸਿੰਘ ਨੇ ਕਿਹਾ ਕਿ ਡੇਂਗੂ ਦੀ ਬਿਮਾਰੀ ਤੋਂ ਬਚਣ ਲਈ ਪੂਰੀਆਂ ਬਾਹਾਂ ਦੀ ਕਮੀਜ਼ ਪਾਈ ਜਾਵੇ ਰਾਤ ਨੂੰ ਸੌਣ ਸਮੇਂ ਮੱਛਰਦਾਨੀ ਲਗਾਈ ਜਾਵੇ ਜਾਂ ਮੱਛਰ ਭਜਾਉਣ ਵਾਲੀਆਂ ਕਰੀਮਾਂ ਆਦਿ ਦੀ ਵਰਤੋਂ ਕੀਤੀ ਜਾਵੇ।