ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪੱਧਰੀ ਐਕਸ਼ਨ ਪਲਾਨ ਤਿਆਰ ਕਰਨ ਦੀ ਹਦਾਇਤ
ਮਾਨਸਾ, 15 ਜੂਨ:
ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਬਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਬੱਚਤ ਭਵਨ ਵਿਖੇ ਹੋਈ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਜ਼ਿਲ੍ਹਾ ਪੱਧਰੀ ਐਕਸ਼ਨ ਪਲਾਨ ਤਿਆਰ ਕੀਤਾ ਜਾਵੇ ਤਾਂ ਜੋ ਸਾਰੇ ਅਧਿਕਾਰੀ ਆਪਸ ਵਿੱਚ ਤਾਲਮੇਲ ਰੱਖ ਸਕਣ ਅਤੇ ਸੰਭਾਵੀ ਭਾਰੀ ਬਾਰਿਸ਼ਾਂ ਜਾਂ ਹੜ੍ਹਾਂ ਦੌਰਾਨ ਪ੍ਰਸ਼ਾਸਨਿਕ ਪੱਧਰ ‘ਤੇ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਨਾ ਆ ਸਕੇ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਤੇ ਸਬ ਡਵੀਜ਼ਨ ਪੱਧਰ ‘ਤੇ ਕੰਟਰੋਲ ਰੂਮ ਸਥਾਪਤ ਕਰਨ ਦੀ ਪ੍ਰਗਤੀ ਤੋਂ ਇਲਾਵਾ ਘੱਗਰ ਦਰਿਆ, ਸਰਹੰਦ ਚੋਅ, ਬਹਾਦਰ ਸਿੰਘ ਵਾਲਾ ਡਰੇਨ ਅਤੇ ਬਰੇਟਾ ਡਰੇਨ ਦੀ ਸਫ਼ਾਈ ਸਬੰਧੀ ਚੱਲ ਰਹੇ ਕਾਰਜਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਤੋਂ ਜਾਇਜ਼ਾ ਲੈਂਦਿਆਂ ਦੱਸਿਆ ਕਿ ਪ੍ਰਸ਼ਾਸਨ ਸੰਭਾਵੀ ਹੜ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਸਮੂਹ ਅਧਿਕਾਰੀਆਂ ਵੱਲੋਂ ਅਜਿਹੀ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਬਚਾਅ ਕਾਰਜਾਂ ਲਈ ਲੋੜੀਂਦਾ ਜਰੂਰੀ ਸਾਮਾਨ ਤਿਆਰ ਰੱਖਿਆ ਜਾਵੇ ਅਤੇ ਅਮਲੇ ਦੀਆਂ ਡਿਊਟੀਆਂ ਸਬੰਧੀ ਵੇਰਵੇ ਤਿਆਰ ਰੱਖੇ ਜਾਣ। ਉਨ੍ਹਾਂ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਪਾਸੋਂ ਜ਼ਿਲ੍ਹੇ ਅੰਦਰ ਪੈਂਦੀਆਂ ਡਰੇਨਾਂ ਦੀ ਸਾਫ ਸਫਾਈ ਸਬੰਧੀ ਜਾਣਕਾਰੀ ਲਈ ਅਤੇ ਡਰੇਨਾਂ ਦੀ ਸਫਾਈ ਦਾ ਕੰਮ ਜਲਦੀ ਮੁਕੰਮਲ ਕਰਵਾਉਣ ਦੇ ਆਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਨੂੰ ਰਾਸ਼ਨ ਸਪਲਾਈ ਦੇ ਪ੍ਰਬੰਧ ਰੱਖਣ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਨੂੰ ਮੈਡੀਕਲ ਟੀਮਾਂ ਦਾ ਗਠਨ ਕਰਨ, ਸਿਵਲ ਸਰਜਨ ਨੂੰ ਦਵਾਈਆਂ ਦੀ ਉਪਲਬਧਤਾ, ਮੌਕ ਡਰਿੱਲਜ਼, ਪੀਣ ਲਈ ਪਾਣੀ ਦਾ ਪ੍ਰਬੰਧ ਆਦਿ ਵੱਖ ਵੱਖ ਕਾਰਜਾਂ ਬਾਰੇ ਵਿਸਥਾਰ ਵਿੱਚ ਜਾਇਜ਼ਾ ਲਿਆ ਗਿਆ।
ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਕਿਸ਼ਤੀਆਂ, ਚੱਪੂ, ਜਰਨੇਟਰ, ਓ.ਬੀ.ਐਮ. ਇੰਜਣ ਆਦਿ ਨੂੰ ਚਾਲੂ ਹਾਲਤ ਵਿਚ ਰੱਖਿਆ ਜਾਵੇ ਤਾਂ ਜੋ ਫੌਰੀ ਜ਼ਰੂਰਤ ਪੈਣ ਤੇ ਇਨ੍ਹਾਂ ਨੂੰ ਵਰਤਿਆ ਜਾ ਸਕੇ। ਮੀਟਿੰਗ ਦੌਰਾਨ ਐਮਰਜੈਂਸੀ ਸੇਵਾਵਾਂ ਦੀ ਉਪਲਬਧਤਾ ਤੇ ਬਹਾਲੀ, ਰੇਲਵੇ ਵਰਕਸ ਤੇ ਰੇਲਵੇ ਟਰੈਕਸ ਦੀ ਸੁਰੱਖਿਆ, ਚਾਂਦਪੁਰਾ ਤੇ ਹੋਰ ਬੰਨ੍ਹਾਂ ਦੀ ਸੁਰੱਖਿਆ, ਇਕੱਠੇ ਹੋਣ ਵਾਲੇ ਪਾਣੀ ਦਾ ਨਿਕਾਸ ਸਮੇਤ ਹੋਰ ਕਾਰਜਾਂ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ, ਐਸ.ਪੀ ਸਤਨਾਮ ਸਿੰਘ, ਐਸ.ਡੀ.ਐਮ ਸ਼ਿਖਾ ਭਗਤ, ਐਸ.ਡੀ.ਐਮ ਸਰਦੂਲਗੜ੍ਹ ਸਰਬਜੀਤ ਕੌਰ, ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਤੋਂ ਇਲਾਵਾ ਡਰੇਨੇਜ਼, ਖੇਤੀਬਾੜੀ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਵਿਭਾਗ, ਜ਼ਿਲ੍ਹਾ ਮੰਡੀ ਅਫ਼ਸਰ, ਆਈ.ਬੀ ਜਵਾਹਰਕੇ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।